ਟੋਰਾਂਟੋ— ਕੈਨੇਡਾ ਦੇ ਕਾਢ, ਵਿਗਿਆਨ ਅਤੇ ਆਰਥਿਕ ਮਾਮਲਿਆਂ ਦੇ ਮੰਤਰੀ ਨਵਦੀਪ ਬੈਂਸ ਦਾ ਕਹਿਣਾ ਹੈ ਕਿ ਪਿਛਲੇ ਸਾਲ ਅਮਰੀਕਾ ‘ਚ ਡਿਟਰੋਇਟ ਸ਼ਹਿਰ ਦੀ ਏਅਰਪੋਰਟ ‘ਤੇ ਮੌਜੂਦ ਸੁਰੱਖਿਆ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਪੱਗ ਉਤਾਰਨ ਲਈ ਕਿਹਾ ਗਿਆ ਸੀ ਅਤੇ ਇਹ ਗੱਲ ਉਨ੍ਹਾਂ ਨੂੰ ਬਹੁਤ ਬੁਰੀ ਲੱਗੀ। ਇਸ ਮਾਮਲੇ ਵਿੱਚ ਅਮਰੀਕੀ ਅਧਿਕਾਰੀਆਂ ਵੱਲੋਂ ਮੁਆਫੀ ਮੰਗੀ ਗਈ , ਜੋ ਨਵਦੀਪ ਨੇ ਮਨਜ਼ੂਰ ਕਰ ਲਈ ਹੈ।
ਬੈਂਸ ਨੇ ਕਿਹਾ ਕਿ ਸਿੱਖ ਹੋਣ ਨਾਅਤੇ ਪੱਗ ਬੰਨ੍ਹਣਾ ਸਾਡਾ ਫਰਜ਼ ਹੈ ਅਤੇ ਜਦ ਉਨ੍ਹਾਂ ਨੂੰ ਪੱਗ ਉਤਾਰਨ ਲਈ ਕਿਹਾ ਗਿਆ ਤਾਂ ਇਹ ਬਹੁਤ ਹੀ ਖਿਝਾਉਣ ਵਾਲਾ ਤੇ ਬੁਰਾ ਤਜ਼ਰਬਾ ਰਿਹਾ। ਵੀਰਵਾਰ ਨੂੰ ਟੋਰਾਂਟੋ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਪ੍ਰੈਲ, 2017 ਵਿੱਚ ਉਹ ਜਹਾਜ਼ ਚੜ੍ਹਨ ਲਈ ਗੇਟ ਉੱਤੇ ਪਹੁੰਚੇ ਹੀ ਸਨ ਕਿ ਉਨ੍ਹਾਂ ਨੂੰ ਪੱਗ ਉਤਾਰਨ ਲਈ ਕਿਹਾ ਗਿਆ। ਬੈਂਸ ਨੇ ਦੱਸਿਆ ਕਿ ਉਹ ਪਹਿਲਾਂ ਹੀ ਸਕਿਓਰਿਟੀ ਸਕਰੀਨ ਰਾਹੀਂ ਲੰਘ ਚੁੱਕੇ ਸਨ ਪਰ ਫਿਰ ਵੀ ਉਨ੍ਹਾਂ ਨੂੰ ਪੱਗ ਉਤਾਰਨ ਲਈ ਕਿਹਾ ਗਿਆ। ਅਮਰੀਕਾ ਦੀ ਇਸ ਨੀਤੀ ਤਹਿਤ ਏਅਰਪੋਰਟ ਚੈੱਕਸ ਵਿੱਚੋਂ ਲੰਘਦੇ ਸਮੇਂ ਸਿੱਖ ਪੱਗਾਂ ਬੰਨ੍ਹ ਕੇ ਲੰਘ ਸਕਦੇ ਹਨ। ਨਵਦੀਪ ਨੇ ਦੱਸਿਆ ਕਿ ਉੱਥੇ ਮਸ਼ੀਨ ‘ਚ ਖਰਾਬੀ ਹੋਣ ਕਾਰਨ ਅਧਿਕਾਰੀਆਂ ਨੇ ਉਨ੍ਹਾਂ ਨੂੰ ਇਹ ਹੁਕਮ ਦਿੱਤਾ ਸੀ।
ਬੈਂਸ ਨੇ ਆਖਿਆ ਕਿ ਜਦੋਂ ਅਧਿਕਾਰੀਆਂ ਨੂੰ ਇਹ ਪਤਾ ਲੱਗਾ ਕਿ ਉਹ ਕੌਣ ਹਨ ਤਾਂ ਉਨ੍ਹਾਂ ਨੂੰ ਜਹਾਜ਼ ‘ਚ ਬੈਠਣ ਦੀ ਇਜ਼ਾਜ਼ਤ ਦਿੱਤੀ ਗਈ। ਉਨ੍ਹਾਂ ਇਹ ਵੀ ਆਖਿਆ ਕਿ ਉਨ੍ਹਾਂ ਦੇ ਹਿਸਾਬ ਨਾਲ ਇਹ ਪੱਖਪਾਤ ਦਾ ਮੁੱਦਾ ਹੈ ਤੇ ਪੱਖਪਾਤ ਕਈ ਲੋਕਾਂ ਨਾਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਉਹ ਸਮਝਦੇ ਹਨ ਕਿ ਸਕਿਓਰਿਟੀ ਕਿੰਨੀ ਜ਼ਰੂਰੀ ਹੈ ਪਰ ਇਸ ਲਈ ਸਹੀ ਪ੍ਰਕਿਰਿਆ ਦਾ ਹੋਣਾ ਵੀ ਲਾਜ਼ਮੀ ਹੈ। ਉਹ ਅਮਰੀਕਾ ਅਤੇ ਕੌਮਾਂਤਰੀ ਪੱਧਰ ਉੱਤੇ ਪਹਿਲਾਂ ਵੀ ਕਈ ਥਾਵਾਂ ਉੱਤੇ ਜਾ ਚੁੱਕੇ ਹਨ ਪਰ ਪੱਗ ਉਤਾਰਨ ਲਈ ਉਨ੍ਹਾਂ ਨੂੰ ਕਦੇ ਨਹੀਂ ਆਖਿਆ ਗਿਆ।
ਸੰਘੀ ਕੈਬਨਿਟ ਮੰਤਰੀ ਹੋਣ ਨਾਅਤੇ ਬੈਂਸ ਕੋਲ ਸਪੈਸ਼ਲ ਡਿਪਲੋਮੈਟਿਕ ਪਾਸਪੋਰਟ ਹੈ ਤੇ ਉਨ੍ਹਾਂ ਦੇ ਦਫਤਰ ਨੇ ਦੱਸਿਆ ਕਿ ਜਦੋਂ ਤੱਕ ਉਨ੍ਹਾਂ ਨੂੰ ਆਪਣੀ ਪਛਾਣ ਦੀ ਪੁਸ਼ਟੀ ਕਰਨ ਲਈ ਨਹੀਂ ਕਿਹਾ ਗਿਆ, ਉਨ੍ਹਾਂ ਨੇ ਆਪਣਾ ਇਹ ਖਾਸ ਪਾਸਪੋਰਟ ਵਿਖਾ ਕੇ ਕੋਈ ਰੋਹਬ ਨਹੀਂ ਪਾਇਆ। ਇਸ ਘਟਨਾ ਤੋਂ ਬਾਅਦ ਵਿਦੇਸ਼ ਮੰਤਰਾਲੇ ਵੱਲੋਂ ਅਮਰੀਕਾ ਦੇ ਹੋਮਲੈਂਡ ਸਕਿਓਰਿਟੀ ਵਿਭਾਗ ਅਤੇ ਟਰਾਂਸਪੋਰਟੇਸ਼ਨ ਸਕਿਓਰਿਟੀ ਪ੍ਰਸ਼ਾਸਨ ਨਾਲ ਗੱਲ ਕੀਤੀ ਗਈ ਤਾਂ ਅਮਰੀਕੀ ਅਧਿਕਾਰੀਆਂ ਨੇ ਬੈਂਸ ਤੋਂ ਮੁਆਫੀ ਮੰਗੀ।
ਜ਼ਿਕਰਯੋਗ ਹੈ ਕਿ ਕੈਨੇਡਾ ਦੇ ਕੈਬਨਿਟ ਮੰਤਰੀ ਬੈਂਸ ਅਤੇ ਹਰਜੀਤ ਸਿੰਘ ਸੱਜਣ ਜੋ ਅਮ੍ਰਿਤਧਾਰੀ ਹਨ, ਅਮਰੀਕਾ ਆਉਂਦੇ-ਜਾਂਦੇ ਰਹਿੰਦੇ ਹਨ ਅਤੇ ਅਜਿਹੀਆਂ ਘਟਨਾਵਾਂ ਕਰਕੇ ਉਨ੍ਹਾਂ ਨੂੰ ਪ੍ਰੇਸ਼ਾਨ ਹੋਣਾ ਪੈਂਦਾ ਹੈ।