ਔਟਵਾ, 22 ਜਨਵਰੀ
ਕੈਨੇਡੀਅਨ ਕਲੱਬ ਵਿੱਚ ਇਕ ਔਰਤ ਨੇ ਸਿੱਖ ਵਿਅਕਤੀ ਨੂੰ ਦਸਤਾਰ ਲਾਹੁਣ ਲਈ ਕਿਹਾ। ਦਸਤਾਰ ‘ਲਾਹੁਣ’ ਦੀ ਧਮਕੀ ਤੋਂ ਇਲਾਵਾ ਸਿੱਖ ਵਿਅਕਤੀ ਖ਼ਿਲਾਫ਼ ਨਸਲੀ ਟਿੱਪਣੀਆਂ ਵੀ ਕੀਤੀਆਂ ਗਈਆਂ। ਸੀਬੀਸੀ ਨਿਊਜ਼ ਦੀ ਰਿਪੋਰਟ ਅਨੁਸਾਰ ਸਾਬਕਾ ਕੈਨੇਡੀਅਨ ਫੌਜੀਆਂ ਦੀ ਆਰਗੇਨਾਈਜੇਸ਼ਨ ‘ਰਾਇਲ ਕੈਨੇਡੀਅਨ ਲੀਜਨ’ ਵਿੱਚ ਜਸਵਿੰਦਰ ਸਿੰਘ ਧਾਲੀਵਾਲ ਆਪਣੇ ਦੋਸਤਾਂ ਨਾਲ ਸਨੂਕਰ ਖੇਡ ਰਿਹਾ ਸੀ। ਇਸ ਆਰਗੇਨਾਈਜੇਸ਼ਨ ਦੇ ਪ੍ਰਬੰਧਕ ਉਨ੍ਹਾਂ ਕੋਲ ਆਏ ਅਤੇ ਸ੍ਰੀ ਧਾਲੀਵਾਲ ਨੂੰ ਦਸਤਾਰ ਉਤਾਰਨ ਲਈ ਕਿਹਾ ਕਿਉਂਕਿ ਸੀਨੀਅਰ ਫ਼ੌਜੀਆਂ ਦੇ ਸਨਮਾਨ ਵਿੱਚ ਸਿਰ ’ਤੇ ਪਹਿਨੀ ਵਸਤ ਉਤਾਰਨਾ ਉਨ੍ਹਾਂ ਦੀ ਨੀਤੀ ਹੈ। ਹਾਲਾਂਕਿ ਧਾਰਮਿਕ ਚਿੰਨ੍ਹਾਂ ਨੂੰ ਛੋਟ ਦਿੱਤੀ ਗਈ ਹੈ। ਇਹ ਘਟਨਾ ਬੁੱਧਵਾਰ ਨੂੰ ਕੈਨੇਡਾ ਦੇ ਪ੍ਰਿੰਸ ਐਡਵਰਡ ਟਾਪੂ ’ਤੇ ਟਿਗਨਿਸ਼ ਸ਼ਹਿਰ ਵਿੱਚ ਹੋਈ। ਇਸ ਘਟਨਾ ਦੀ ਵੀਡੀਓ ਵਿੱਚ ਇਕ ਔਰਤ ਦਸਤਾਰ ‘ਲਾਹੁਣ’ ਦੀ ਧਮਕੀ ਦੇ ਰਹੀ ਹੈ ਅਤੇ ਬਾਰ ਦਾ ਇਕ ਸਰਪ੍ਰਸਤ ਭੱਦੇ ਇਸ਼ਾਰੇ ਕਰਦਾ ਕਹਿ ਰਿਹਾ ਹੈ ਕਿ ਦਸਤਾਰ ਉਤਾਰਨੀ ਚਾਹੀਦੀ ਹੈ ਕਿਉਂਕਿ ‘ਇਹ ਕਾਨੂੰਨ ਹੈ’। ਇਸ ਰਿਪੋਰਟ ਮੁਤਾਬਕ ‘ਰਾਇਲ ਕੈਨੇਡੀਅਨ ਲੀਜਨ’ ਦੇ ਪ੍ਰਧਾਨ ਸਟੀਫਨ ਗਲੈਂਟ ਨੇ ਕਿਹਾ ਕਿ ਉਨ੍ਹਾਂ ਦੀ ਨੀਤੀ ’ਚ ਧਾਰਮਿਕ ਵਸਤਰਾਂ ਨੂੰ ਛੋਟ ਦਿੱਤੀ ਗਈ ਹੈ। ਗਲੈਂਟ ਨੇ ਕਿਹਾ, ‘ਦਸਤਾਰ ਦੇ ਧਾਰਮਿਕ ਵਸਤਰ ਹੋਣ ਬਾਰੇ ਭੁਲੇਖਾ ਸੀ, ਜਿਸ ਕਾਰਨ ਅਣਜਾਣੇ ਵਿੱਚ ਇਹ ਗਲਤੀ ਹੋ ਗਈ। ਇਸ ਵਾਸਤੇ ਮੈਂ ਮੁਆਫ਼ੀ ਮੰਗਦਾ ਹਾਂ। ਮੈਂ ਆਪਣੇ ਸਟਾਫ ਅਤੇ ਇਥੋਂ ਤਕ ਕੇ ਪੂਰੇ ਲੀਜਨ ਪਰਿਵਾਰ ਵੱਲੋਂ ਮੁਆਫ਼ੀ ਮੰਗਦਾ ਹਾਂ। ਅਸੀਂ ਧਾਰਮਿਕ ਚਿੰਨ੍ਹਾਂ ਤੇ ਵਸਤਰਾਂ ਬਾਰੇ ਆਪਣੇ ਸਟਾਫ ਨੂੰ ਸਿਖਲਾਈ ਦੇਵਾਂਗੇ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਨਾ ਹੋਵੇ।’