ਟੋਰਾਂਟੋ: ਕੈਨੇਡਾ ਦੇ ਆਰਥਿਕ ਹਾਲਾਤ ਇੱਕ ਵਾਰ ਮੁੜ ਚਰਚਾ ‘ਚ ਹਨ। ਜੁਲਾਈ ਵਿੱਚ ਨੌਕਰੀਆਂ ਦੀ ਵੱਡੀ ਕਟੌਤੀ ਦੇ ਅੰਕੜੇ ਸਾਹਮਣੇ ਆਏ ਹਨ, ਜਿਸ ਨਾਲ ਨੌਜਵਾਨਾਂ ਦੀ ਰੁਜ਼ਗਾਰ ਦਰ ਇੱਕ ਨਵੇਂ ਹੇਠਲੇ ਪੱਧਰ ‘ਤੇ ਪਹੁੰਚ ਗਈ ਹੈ। ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਮੁਤਾਬਕ ਜੁਲਾਈ 2025 ਵਿੱਚ ਕੈਨੇਡਾ ਵਿੱਚ 40,000 ਤੋਂ ਵੱਧ ਨੌਕਰੀਆਂ ਖਤਮ ਹੋਈਆਂ। ਇਹ ਗਿਰਾਵਟ ਖਾਸ ਤੌਰ ‘ਤੇ 15 ਤੋਂ 24 ਸਾਲ ਦੇ ਨੌਜਵਾਨਾਂ ਵਿੱਚ ਵੱਡੇ ਪੱਧਰ ‘ਤੇ ਹੋਈ, ਜਿਨ੍ਹਾਂ ਦੀ ਰੁਜ਼ਗਾਰ ਦਰ 53.6% ਤੱਕ ਡਿੱਗ ਗਈ, ਜੋ ਕਿ ਕੋਵਿਡ ਮਹਾਮਾਰੀ ਨੂੰ ਛੱਡ ਕੇ ਨਵੰਬਰ 1998 ਤੋਂ ਬਾਅਦ ਦੀ ਸਭ ਤੋਂ ਘੱਟ ਦਰ ਹੈ।
ਜੂਨ ਮਹੀਨੇ ਵਿੱਚ ਕੈਨੇਡੀਅਨ ਅਰਥਵਿਵਸਥਾ ਵਿੱਚ 83,000 ਨੌਕਰੀਆਂ ਸ਼ਾਮਲ ਹੋਈਆਂ ਸਨ, ਜਿਸ ਨਾਲ ਬੇਰੁਜ਼ਗਾਰੀ ਦਰ ਵਿੱਚ 0.1% ਦੀ ਘਟੀ ਸੀ। ਪਰ ਜੁਲਾਈ ਵਿੱਚ ਬੇਰੁਜ਼ਗਾਰੀ ਦਰ 6.9% ‘ਤੇ ਸਥਿਰ ਰਹੀ, ਜੋ ਕਿ ਮਹਾਮਾਰੀ ਤੋਂ ਬਾਅਦ ਦੀ ਸਭ ਤੋਂ ਘੱਟ ਰੁਜ਼ਗਾਰ ਦਰ ਦਰਸਾਉਂਦੀ ਹੈ। ਇਹ ਨੌਕਰੀਆਂ ਦਾ ਨੁਕਸਾਨ ਮੁੱਖ ਤੌਰ ‘ਤੇ ਸਥਾਈ ਮੁਲਾਜ਼ਮਾਂਨ ਨੂੰ ਪ੍ਰਭਾਵਿਤ ਕਰਦਾ ਹੈ।
ਮਾਹਰਾਂ ਦੀਆਂ ਉਮੀਦਾਂ ਅਤੇ ਅਰਥਵਿਵਸਥਾ ਦੀ ਸਥਿਤੀ
ਮਾਹਰਾਂ ਨੇ ਅੰਦਾਜ਼ਾ ਲਗਾਇਆ ਸੀ ਕਿ ਜੁਲਾਈ ਵਿੱਚ 13,500 ਨੌਕਰੀਆਂ ਜੁੜਨਗੀਆਂ ਅਤੇ ਬੇਰੁਜ਼ਗਾਰੀ ਦਰ 7% ਤੱਕ ਵਧੇਗੀ। ਪਰ BMO ਦੇ ਮੁੱਖ ਅਰਥਸ਼ਾਸਤਰੀ ਡਗਲਸ ਪੋਰਟਰ ਨੇ ਕਿਹਾ ਕਿ ਅੰਕੜੇ ਤੀਜੀ ਤਿਮਾਹੀ ਦੀ ਕਮਜ਼ੋਰ ਸ਼ੁਰੂਆਤ ਨੂੰ ਦਰਸਾਉਂਦੇ ਹਨ। ਉਨ੍ਹਾਂ ਅਨੁਸਾਰ, ਅਰਥਵਿਵਸਥਾ ਵਪਾਰਕ ਅਨਿਸ਼ਚਿਤਤਾ ਅਤੇ ਵਾਧੂ ਸਮਰੱਥਾ ਨਾਲ ਨਰਮ ਰਹੀ ਹੈ, ਜੋ ਹੈਰਾਨੀਜਨਕ ਨਹੀਂ ਹੈ।
ਸਭ ਤੋਂ ਵੱਧ ਪ੍ਰਭਾਵਿਤ ਖੇਤਰ
ਜੁਲਾਈ ਵਿੱਚ ਸਭ ਤੋਂ ਵੱਡਾ ਨੁਕਸਾਨ ਸੂਚਨਾ, ਸੱਭਿਆਚਾਰ ਅਤੇ ਮਨੋਰੰਜਨ ਉਦਯੋਗ ਵਿੱਚ ਹੋਇਆ, ਜਿੱਥੇ 29,000 ਨੌਕਰੀਆਂ ਖਤਮ ਹੋਈਆਂ। ਉਸਾਰੀ ਉਦਯੋਗ ਵਿੱਚ 22,000 ਅਤੇ ਕਾਰੋਬਾਰ, ਇਮਾਰਤ ਅਤੇ ਸਹਾਇਤਾ ਸੇਵਾਵਾਂ ਵਿੱਚ 19,000 ਨੌਕਰੀਆਂ ਦੀ ਕਟੌਤੀ ਹੋਈ। ਦੂਜੇ ਪਾਸੇ, ਆਵਾਜਾਈ ਅਤੇ ਵੇਅਰਹਾਊਸਿੰਗ ਖੇਤਰ ਵਿੱਚ 26,000 ਨੌਕਰੀਆਂ ਦਾ ਵਾਧਾ ਦਰਜ ਕੀਤਾ ਗਿਆ।