ਵਿਨੀਪੈਗ, 18 ਅਕਤੂਬਰ
ਐਡੀਪੀ ਪਾਰਟੀ ਦੇ ਮੁਖੀ ਜਗਮੀਤ ਸਿੰਘ ਨੇ ਹਰ ਕੈਨੇਡੀਅਨ ਦੇ ਮਨ ਵਿੱਚ ਥਾਂ ਬਣਾਈ ਹੈ। ਉਨ੍ਹਾਂ ਦੀ ਹਰਮਨਪਿਆਰਤਾ ਬਾਰੇ ਨੈਨੋਜ਼ ਰਿਸਰਚ ਦਾ ਕਹਿਣਾ ਹੈ ਕਿ ਉਹ ਚੋਣ ਸਰਵੇਖਣਾਂ ਵਿੱਚ ਜਗਮੀਤ ਸਿੰਘ ਦੀ ਪ੍ਰਸਿੱੱਧੀ ਵੇਖ ਰਹੇ ਹਨ। ਸੀਬੀਸੀ ਦੇ ਐਰਿਕ ਗ੍ਰੇਨੀਅਰ ਦਾ ਕਹਿਣਾ ਹੈ ਕਿ ਇਸ ਵੇਲੇ ਇੰਜ ਲੱਗ ਰਿਹਾ ਹੈ ਕਿ ਲਿਬਰਲ ਤੇ ਕੰਜ਼ਰਵੇਟਿਵ ਆਪਣਾ ਆਧਾਰ ਗੁਆ ਰਹੇ ਹਨ ਜਦਕਿ ਚੋਣ ਪ੍ਰਚਾਰ ਦੇ ਆਖ਼ਰੀ ਹਫ਼ਤੇ ’ਚ ਦਾਖਲ ਹੋਣ ਉੱਤੇ ਐੱਨਡੀਪੀ ਦੀ ਪਕੜ ਮਜ਼ਬੂਤ ਹੋ ਚੁੱਕੀ ਹੈ।
ਈਕੋਜ਼ ਰਿਸਰਚ ਦੇ ਫਰੈਂਕ ਗ੍ਰੇਵਜ਼ ਦਾ ਕਹਿਣਾ ਹੈ ਕਿ ਐੱਨਡੀਪੀ ਦੀ ਪਕੜ ਮਜ਼ਬੂਤ ਹੋਈ ਹੈ। ਐਬੇਕਸ ਡਾਟਾ ਅਨੁਸਾਰ ਜਗਮੀਤ ਸਿੰਘ ਦਾ ਕਿਰਦਾਰ ਨਿੱਖਰਿਆ ਹੈ। ਟੋਰਾਂਟੋ ਦੇ ਬ੍ਰਾਇਨ ਲਿੱਲੀ ਦਾ ਮੰਨਣਾ ਹੈ ਕਿ ਜਗਮੀਤ ਸਿੰਘ ਦੇ ਵੇਗ ਨੂੰ ਰੋਕਣਾ ਔਖਾ ਹੈ। ਕੋਰਸ ਰੇਡੀਓ ਦੇ ਚਾਰਲਸ ਐਡਲਰ ਅਨੁਸਾਰ ਕੈਨੇਡਾ ਨੂੰ ਜਗਮੀਤ ਸਿੰਘ ਦੇ ਰੂਪ ਵਿੱਚ ਨਵਾਂ ਸਿਆਸੀ ਰਾਕ ਸਟਾਰ ਮਿਲ ਗਿਆ ਹੈ। ਕੈਂਪੇਨ ਰਿਸਰਚ ਦੇ ਨਿਕ ਕੁਵਾਲਿਸ ਨੇ ਆਖਿਆ ਕਿ ਐੱਨਡੀਪੀ ਆਗੂ ਵਜੋਂ ਜਗਮੀਤ ਸਿੰਘ ਵੱਲੋਂ ਕੀਤੇ ਜਾ ਰਹੇ ਕੰਮ ਨੂੰ 50 ਫ਼ੀਸਦੀ ਕੈਨੇਡੀਅਨ ਮਨਜ਼ੂਰੀ ਦੇ ਚੁੱਕੇ ਹਨ। ਅਬੈਕਸ ਡਾਟਾ ਦੇ ਬਰੂਸ ਐਂਡਰਸਨ ਤੇ ਡੇਵਿਡ ਕੋਲੇਟੋ ਅਨੁਸਾਰ ਸਿਆਸੀ ਪਿੜ ਵਿਚ ਜਗਮੀਤ ਸਿੰਘ ਦਾ ਕੱਦ ਕਾਫੀ ਉੱਚਾ ਹੋਇਆ ਹੈ। ਪਿਛਲੇ ਦਿਨੀਂ ਜਗਮੀਤ ਸਿੰਘ ਨੇ ਬਿੱਲ 21 ਬਾਰੇ ਕਿਹਾ ਕਿ ਉਹ ਬਹੁਤੀ ਟਿੱਪਣੀ ਨਹੀਂ ਕਰਨਗੇ ਪਰ ਇੰਨਾ ਜ਼ਰੂਰ ਕਹਿਣਗੇ ਕਿ ਬਿੱਲ ਨਾਲੋਂ ਵੱਧ ਉਹ ਲੋਕਾਂ ਦੇ ਦਿਲ ਵਸ ਰਹੇ ਹਨ। ਸਾਂਝੀ ਸਰਕਾਰ ਬਾਰੇ ਜਗਮੀਤ ਸਿੰਘ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਕੈਨੇਡੀਅਨਾਂ ਕੋਲ ਹੋਰ ਬਦਲ ਵੀ ਹਨ।