ਓਟਵਾ, 17 ਦਸੰਬਰ : ਦੇਸ਼ ਵਿੱਚ ਕੋਵਿਡ-19 ਦੇ ਓਮਾਈਕ੍ਰੌਨ ਵੇਰੀਐਂਟ ਦੇ ਵੱਧ ਰਹੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਕੈਨੇਡੀਅਨਜ਼ ਨੂੰ ਜਲਦ ਤੋਂ ਜਲਦ ਵੈਕਸੀਨ ਬੂਸਟਰ ਸ਼ੌਟ ਲਵਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਇਨ੍ਹਾਂ ਮਾਮਲਿਆਂ ਵਿੱਚ ਹੋ ਰਹੀ ਤੇਜ਼ੀ ਕਾਰਨ ਕੁੱਝ ਪ੍ਰੋਵਿੰਸਾਂ ਵਿੱਚ ਮਹਾਂਮਾਰੀ ਸਬੰਧੀ ਪਾਬੰਦੀਆਂ ਵੀ ਲਾਈਆਂ ਜਾ ਰਹੀਆਂ ਹਨ।
ਸੋਮਵਾਰ ਤੋਂ ਸ਼ੁਰੂ ਕਰਕੇ ਕਿਊਬਿਕ ਵਿੱਚ ਸਾਰੇ ਬਾਰਜ਼, ਰੈਸਟੋਰੈਂਟਸ, ਰੀਟੇਲ ਸਟੋਰਜ਼ ਤੇ ਧਾਰਮਿਕ ਥਾਂਵਾਂ ਦੀ ਸਮਰੱਥਾ ਉੱਤੇ 50 ਫੀ ਸਦੀ ਕਟੌਤੀ ਕੀਤੀ ਜਾਵੇਗੀ।ਕੰਮ ਵਾਲੀ ਥਾਂ ਉੱਤੇ ਪਾਰਟੀਆਂ ਉੱਤੇ ਪਾਬੰਦੀ ਹੋਵੇਗੀ, ਬਾਰਜ਼, ਕਲੱਬਜ਼ ਤੇ ਰੈਸਟੋਰੈਂਟਸ ਦੇ ਅੰਦਰ ਡਾਂਸ ਕਰਨ ਤੇ ਕੈਰੀਓਕੇ ਕਰਨ ਉੱਤੇ ਵੀ ਪਾਬੰਦੀ ਹੋਵੇਗੀ।
ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਵੀ 1000 ਤੋਂ ਵੱਧ ਦੀ ਸਮਰੱਥਾ ਵਾਲੇ ਵੈਨਿਊਂਜ਼ ਵਿੱਚ ਭੀੜ ਦੀ ਸਮਰੱਥਾ 50 ਫੀ ਸਦੀ ਘਟਾਉਣ ਦੀ ਤਾਕੀਦ ਕੀਤੀ ਹੈ।ਓਨਟਾਰੀਓ ਤੇ ਕਿਊਬਿਕ ਵਿੱਚ ਹੀ ਕੋਵਿਡ-19 ਦੇ ਮਾਮਲੇ 2000 ਤੋਂ ਵੱਧ ਅੱਪੜ ਚੁੱਕੇ ਹਨ। ਇਸ ਰੁਝਾਨ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਜੇ ਜਲਦ ਹੀ ਕੋਈ ਠੋਸ ਕਦਮ ਨਾ ਚੁੱਕੇ ਗਏ ਤਾਂ ਹਾਲਾਤ ਬਦ ਤੋਂ ਬਦਤਰ ਹੋਣ ਵਿੱਚ ਸਮਾਂ ਨਹੀਂ ਲੱਗੇਗਾ।