ਵਸੋਂ ਵਿਚ ਵਾਧੇ ਦੀ ਰਫ਼ਤਾਰ 4 ਸਾਲ ਦੇ ਹੇਠਲੇ ਪੱਧਰ ’ਤੇ ਆਈ

ਟੋਰਾਂਟੋ : ਕੈਨੇਡਾ ਦੀ ਪੀ.ਆਰ. ਉਡੀਕ ਰਹੇ ਹਜ਼ਾਰਾਂ ਲੋਕਾਂ ਦੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ ਜਦੋਂ ਇੰਮੀਗ੍ਰੇਸ਼ਨ ਵਿਭਾਗ ਵੱਲੋਂ ਨਵੇਂ ਆ ਰਹੇ ਪ੍ਰਵਾਸੀਆਂ ਦੀ ਗਿਣਤੀ ਵਿਚ 15 ਫ਼ੀ ਸਦੀ ਕਟੌਤੀ ਕਰ ਦਿਤੀ ਗਈ। ‘ਨੈਸ਼ਨਲ ਪੋਸਟ’ ਦੀ ਰਿਪੋਰਟ ਮੁਤਾਬਕ ਵਿਜ਼ਟਰ ਵੀਜ਼ਾ, ਸਟੱਡੀ ਵੀਜ਼ਾ ਅਤੇ ਵਰਕ ਪਰਮਿਟ ਵਾਲੇ ਪਾਸੇ ਆਰਾ ਚਲਾਉਣ ਮਗਰੋਂ ਪੀ.ਆਰ. ਲੈ ਕੇ ਕੈਨੇਡਾ ਆਉਣ ਵਾਲਿਆਂ ਦੀ ਗਿਣਤੀ ਵਿਚ ਤਕਰੀਬਨ 20 ਹਜ਼ਾਰ ਦੀ ਕਟੌਤੀ ਆ ਚੁੱਕੀ ਹੈ ਪਰ ਦੂਜੇ ਪਾਸੇ ਇੰਮੀਗ੍ਰੇਸ਼ਨ ਬੰਦਿਸ਼ਾਂ ਸਦਕਾ ਕੈਨੇਡੀਅਨ ਵਸੋਂ ਵਿਚ ਵਾਧਾ ਪਿਛਲੇ ਚਾਰ ਸਾਲ ਦੇ ਹੇਠਲੇ ਪੱਧਰ ’ਤੇ ਚੁੱਕਾ ਹੈ। ਸਟੈਟਕੈਨ ਦੇ ਅੰਕੜਿਆਂ ਮੁਤਾਬਕ 1 ਜਨਵਰੀ 2025 ਨੂੰ ਕੈਨੇਡਾ ਦੀ ਆਬਾਦੀ 4 ਕਰੋੜ 15 ਲੱਖ, 28 ਹਜ਼ਾਰ ਅਤੇ 680 ਤੱਕ ਪੁੱਜ ਗਈ।

ਅਕਤੂਬਰ 2024 ਤੋਂ ਦਸੰਬਰ 2024 ਦਰਮਿਆਨ 63,382 ਵਾਧਾ ਹੋਇਆ ਜਦਕਿ ਇਸ ਤੋਂ ਪਿਛਲੀਆਂ ਦੋ ਤਿਮਾਹੀਆਂ ਦੌਰਾਨ ਵਸੋਂ ਵਿਚ 1 ਲੱਖ 76 ਹਜ਼ਾਰ ਅਤੇ 699 ਦਾ ਵਾਧਾ ਦਰਜ ਕੀਤਾ ਗਿਆ ਸੀ। 2024 ਦੀ ਅੰਤਮ ਤਿਮਾਹੀ ਦੌਰਾਨ ਵਸੋਂ ਵਧਣ ਦੀ ਰਫ਼ਤਾਰ 0.2 ਫ਼ੀ ਸਦੀ ਰਹੀ ਜੋ 2020 ਦੀ ਅੰਤਮ ਤਿਮਾਹੀ ਦੌਰਾਨ ਹੋਏ ਵਾਧੇ ਤੋਂ ਬਾਅਦ ਸਭ ਤੋਂ ਹੇਠਲਾ ਪੱਧਰ ਰਿਹਾ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਸਰਕਾਰ ਵੱਲੋਂ ਮੌਜੂਦਾ ਵਰ੍ਹੇ ਦੌਰਾਨ ਪਰਮਾਨੈਂਟ ਰੈਜ਼ੀਡੈਂਸੀ ਅਧੀਨ ਪੰਜ ਲੱਖ ਪ੍ਰਵਾਸੀ ਸੱਦਣ ਦਾ ਟੀਚਾ ਘਟਾ ਕੇ 3 ਲੱਖ 95 ਹਜ਼ਾਰ ਕੀਤਾ ਜਾ ਚੁੱਕਾ ਹੈ ਜਦਕਿ ਸਟੱਡੀ ਵੀਜ਼ਾ ਅਤੇ ਵਰਕ ਪਰਮਿਟ ਸ਼੍ਰੇਣੀਆਂ ਵਿਚ ਕੁਲ 6 ਲੱਖ 73 ਹਜ਼ਾਰ ਟੈਂਪਰੇਰੀ ਵੀਜ਼ੇ ਜਾਰੀ ਕਰਨ ਦਾ ਟੀਚਾ ਰੱਖਿਆ ਗਿਆ ਹੈ ਪਰ ਮਾਰਕ ਕਾਰਨੀ ਦੀ ਅਗਵਾਈ ਵਾਲੀ ਸਰਕਾਰ ਇਨ੍ਹਾਂ ਟੀਚਿਆਂ ਵਿਚ ਹੋਰ ਕਟੌਤੀ ਕਰ ਸਕਦੀ ਹੈ। ਸਟੂਡੈਂਟ ਵੀਜ਼ਾ ਅਤੇ ਵਰਕ ਪਰਮਿਟ ਨਾਲ ਸਬੰਧਤ ਅਰਜ਼ੀਆਂ ਦਾ ਜ਼ਿਕਰ ਕੀਤਾ ਜਾਵੇ ਤਾਂ ਮੌਜੂਦਾ ਵਰ੍ਹੇ ਦੇ ਪਹਿਲੇ ਤਿੰਨ ਮਹੀਨੇ ਦੌਰਾਨ 1 ਲੱਖ 59 ਹਜ਼ਾਰ ਸਟੱਡੀ ਵੀਜ਼ਾ ਅਰਜ਼ੀਆਂ ਦਾ ਨਿਪਟਾਰਾ ਕੀਤਾ ਗਿਆ ਜਦਕਿ ਵਰਕ ਪਰਮਿਟ ਵਿਚ ਵਾਧੇ ਅਤੇ ਨਵੇਂ ਵਰਕ ਪਰਮਿਟ ਵਾਲੀਆਂ 3 ਲੱਖ 96 ਹਜ਼ਾਰ ਅਰਜ਼ੀਆਂ ਦੀ ਪ੍ਰੋਸੈਸਿੰਗ ਮੁਕੰਮਲ ਕੀਤੀ ਗਈ।

ਆਰਜ਼ੀ ਵੀਜ਼ਿਆਂ ਵਿਚ ਹੋਰ ਕਟੌਤੀ ਹੋਣ ਦੇ ਆਸਾਰ
ਦੂਜੇ ਪਾਸੇ ਵਿਜ਼ਟਰ ਵੀਜ਼ਾ ’ਤੇ ਕੈਨੇਡਾ ਪੁੱਜੇ ਲੋਕ ਆਪਣੀ ਵੀਜ਼ਾ ਮਿਆਦ ਵਿਚ ਵਾਧਾ ਕਰਵਾਉਂਦਿਆਂ ਵੱਧ ਤੋਂ ਵੱਧ ਸਮਾਂ ਮੁਲਕ ਵਿਚ ਰਹਿਣ ਨੂੰ ਤਰਜੀਹ ਦੇ ਰਹੇ ਹਨ। 2019 ਵਿਚ ਅਜਿਹੇ ਲੋਕਾਂ ਦੀ ਗਿਣਤੀ 1 ਲੱਖ 97 ਹਜ਼ਾਰ ਦਰਜ ਕੀਤੀ ਗਈ ਜੋ 2024 ਤੱਕ ਵਧ ਕੇ 3 ਲੱਖ 90 ਹਜ਼ਾਰ ਦੇ ਨੇੜੇ ਪੁੱਜਦੀ ਨਜ਼ਰ ਆਈ। 2024 ਦੇ ਹੈਰਾਨਕੁੰਨ ਅੰਕੜੇ ਦਰਸਾਉਂਦੇ ਹਨ ਕਿ ਟੈਂਪਰੇਰੀ ਰੈਜ਼ੀਡੈਂਟ ਦੀਆਂ ਕੁਲ ਅਰਜ਼ੀਆਂ ਵਿਚੋਂ 50 ਫ਼ੀ ਸਦੀ ਸਿੱਧੇ ਤੌਰ ’ਤੇ ਰੱਦ ਹੋ ਗਈਆਂ ਅਤੇ ਇਹ ਅੰਕੜਾ 23 ਲੱਖ 50 ਹਜ਼ਾਰ ਰਿਹਾ। 2023 ਵਿਚ 18 ਲੱਖ ਵੀਜ਼ਾ ਅਰਜ਼ੀਆਂ ਰੱਦ ਕੀਤੀਆਂ ਗਈਆਂ ਸਨ। ਸਭ ਤੋਂ ਵੱਧ ਸਖ਼ਤੀ ਵਿਜ਼ਟਰ ਵੀਜ਼ਾ ਮੰਗਣ ਵਾਲਿਆਂ ਨਾਲ ਵਰਤੀ ਗਈ ਅਤੇ 54 ਫ਼ੀ ਸਦੀ ਅਰਜ਼ੀਆਂ ਰੱਦ ਹੋਈਆਂ ਜਦਕਿ 2023 ਵਿਚ 40 ਫੀ ਸਦੀ ਅਰਜ਼ੀਆਂ ਰੱਦ ਹੋਈਆਂ ਸਨ।