ਸਸਕੈਚਵਾਨ— ਕੈਨੇਡਾ ਦੇ ਸੂਬੇ ਸਸਕੈਚਵਾਨ ‘ਚ ਵਾਪਰੇ ਸੜਕ ਹਾਦਸੇ ਨੇ ਸਭ ਦਾ ਦਿਲ ਵਲੂੰਧਰ ਕੇ ਰੱਖ ਦਿੱਤਾ ਹੈ, ਜਿਸ ‘ਚ ਹਾਕੀ ਟੀਮ ਦੇ 15 ਮੈਂਬਰਾਂ ਦੀ ਮੌਤ ਹੋ ਗਈ ਅਤੇ 14 ਖਿਡਾਰੀ ਜ਼ਖਮੀ ਹੋ ਗਏ। ਜ਼ਖਮੀ ਖਿਡਾਰੀਆਂ ਦਾ ਸਸਕਾਟੂਨ ਦੇ ਰਾਇਲ ਯੂਨੀਵਰਸਿਟੀ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ‘ਚੋਂ ਚਾਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖਮੀ ਖਿਡਾਰੀਆਂ ਦੀ ਸਿਹਤ ਬਾਰੇ ਪੁੱਛਣ ਲਈ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹਸਪਤਾਲ ਪੁੱਜੇ। ਉਨ੍ਹਾਂ ਨਾਲ ਉਨ੍ਹਾਂ ਦਾ ਵੱਡਾ ਪੁੱਤ ਜ਼ੇਵੀਅਰ ਵੀ ਸੀ ਜੋ ਹਾਕੀ ਦਾ ਬਹੁਤ ਸ਼ੌਕੀਨ ਹੈ। ਇਸ ਮੌਕੇ ਜ਼ਖਮੀ ਖਿਡਾਰੀ ਰਿਆਨ ਸਟਰੈਸਨਿਟਜ਼ਕੀ ਦਾ ਹਾਲ ਪੁੱਛਣ ਪੁੱਜੇ ਟਰੂਡੋ ਦੀ ਉਸ ਦੇ ਪਰਿਵਾਰ ਨੇ ਤਸਵੀਰ ਖਿੱਚੀ ਅਤੇ ਸਾਂਝੀ ਕੀਤੀ। ਰਿਆਨ ਦੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪ੍ਰਧਾਨ ਮੰਤਰੀ ‘ਤੇ ਮਾਣ ਹੈ। ਟਰੂਡੋ ਦਾ ਬੇਟਾ ਹਾਕੀ ਬਾਰੇ ਕਾਫੀ ਜਾਣਕਾਰੀ ਰੱਖਦਾ ਹੈ ਅਤੇ ਜ਼ਖਮੀ ਖਿਡਾਰੀਆਂ ਨਾਲ ਉਸ ਨੇ ਕਾਫੀ ਗੱਲਾਂ ਕੀਤੀਆਂ। ਇਸ ਤੋਂ ਇਲਾਵਾ ਟਰੂਡੋ ਨੇ ਮ੍ਰਿਤਕਾਂ ਦੀ ਆਤਮਿਕ ਸ਼ਾਂਤੀ ਲਈ ਰੱਖੀ ਪ੍ਰਾਰਥਨਾ ਸਭਾ ‘ਚ ਵੀ ਹਿੱਸਾ ਲਿਆ। ਜ਼ਖਮੀਆਂ ਦਾ ਹਾਲ ਪੁੱਛਣ ਲਈ ਕੈਨੇਡਾ ਦੇ ਉੱਘੇ ਖਿਡਾਰੀ (ਐੱਨ. ਐੱਚ. ਐੱਲ) ਸ਼ੈਲਡਨ ਕੈਨੇਡੀ ਅਤੇ ਬੌਬ ਵਿਲਕੀ ਵੀ ਪੁੱਜੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਜ਼ਿੰਦਗੀ ‘ਚ ਵੀ ਅਜਿਹਾ ਰੂਹ ਕੰਬਾਊ ਹਾਦਸਾ ਵਾਪਰਿਆ ਸੀ। 1986 ‘ਚ ਉਨ੍ਹਾਂ ਦੀ ਟੀਮ ਜਦ ਬੱਸ ‘ਚ ਜਾ ਰਹੀ ਸੀ ਤਾਂ ਇਕ ਹਾਦਸੇ ‘ਚ ਉਨ੍ਹਾਂ ਦੀ ਟੀਮ ਦੇ ਚਾਰ ਮੈਂਬਰ ਮਾਰੇ ਗਏ ਸਨ। ਉਨ੍ਹਾਂ ਕਿਹਾ ਇੰਨਾ ਸਮਾਂ ਬੀਤਣ ਮਗਰੋਂ ਉਹ ਇਸ ਨੂੰ ਭੁੱਲ ਨਹੀਂ ਸਕੇ। ਉਨ੍ਹਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਮ੍ਰਿਤਕਾਂ ਦੀ ਆਤਮਾ ਦੀ ਸ਼ਾਂਤੀ ਲਈ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕੀਤੀ।