ਓਟਵਾ, ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ 30-ਦਿਨਾਂ ਟੈਰਿਫ ਰਾਹਤ ਖ਼ਤਮ ਹੋਣ ਵਿਚ ਬਸ ਕੁੱਝ ਹੀ ਦਿਨ ਬਚੇ ਹਨ, ਅਜਿਹੇ ਵਿੱਚ ਇਸ ਗੱਲ ਦਾ ਕੋਈ ਸੰਕੇਤ ਨਹੀਂ ਹੈ ਕਿ ਕੈਨੇਡਾ ਟੈਰਿਫ ਤੋਂ ਬਚ ਸਕਦਾ ਹੈ ਜਾਂ ਨਹੀਂ। ਇਹ ਕਹਿਣਾ ਹੈ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ।
ਮਿਲਰ ਨੇ ਐਤਵਾਰ ਨੂੰ ਇੱਕ ਇੰਟਰਵਿਊ ਵਿਚ ਕਿਹਾ ਕਿ ਟੈਰਿਫ `ਤੇ ਕੋਈ ਨਿਸ਼ਚਿਤਤਾ ਨਹੀਂ ਹੈ। ਜਦੋਂ ਤੱਕ ਸਾਨੂੰ ਪਤਾ ਨਹੀਂ ਚੱਲੇਗਾ, ਉਦੋਂ ਤੱਕ ਸਾਡੇ ਸਿਰ ਉੱਤੇ ਖ਼ਤਰਾ ਮੰਡਰਾਉਂਦਾ ਰਹੇਗਾ ਅਤੇ ਸਾਨੂੰ ਸ਼ਾਇਦ ਉਸੇ ਸਮੇਂ ਪਤਾ ਲੱਗੇਗਾ ਜਦੋਂ ਕੈਨੇਡੀਅਨ ਲੋਕਾਂ ਨੂੰ ਪਤਾ ਲੱਗੇਗਾ। ਟਰੰਪ ਨੇ ਟੈਰਿਫ ਦੀ ਧਮਕੀ ਦਿੱਤੀ ਹੈ, ਜੋ ਅਗਲੇ ਮਹੀਨੇ ਅੰਦਰ ਲਾਗੂ ਹੋਣ ਵਾਲੀ ਹੈ। ਪਹਿਲਾ ਟੈਰਿਫ ਕੈਨੇਡਾ ਦੇ ਸਾਮਾਨ ‘ਤੇ 25 ਫ਼ੀਸਦੀ ਦਾ ਵਿਆਪਕ ਟੈਰਿਫ ਹੈ, ਜਦੋਂ ਕਿ ਕੈਨੇਡੀਅਨ ਊਰਜਾ ਉੱਤੇ 10 ਫ਼ੀਸਦੀ ਟੈਰਿਫ ਹੈ।
ਕੈਨੇਡਾ ਸਰਕਾਰ ਵੱਲੋਂ ਟੈਰਿਫ ਪੂਰੀ ਤਰ੍ਹਾਂ ਰੋਕਣ ਦੀ ਕੋਸ਼ਿਸ਼ ਜਾਰੀ ਹੈ। ਹਾਲਾਂਕਿ, ਟਰੰਪ ਇਸ ਗੱਲ ‘ਤੇ ਅੜੇ ਹੋਏ ਹਨ ਕਿ ਤਰੀਕ ਵਿੱਚ ਕੋਈ ਬਦਲਾਵ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਨੇ ਵੀਰਵਾਰ ਨੂੰ ਇੱਕ ਸੋਸ਼ਲ ਮੀਡਿਆ ਪੋਸਟ ਵਿੱਚ ਲਿਖਿਆ ਕਿ ਅਸੀ ਇਸ ਸੰਕਟ ਕਾਰਨ ਅਮਰੀਕਾ ਨੂੰ ਨੁਕਸਾਨ ਦੀ ਆਗਿਆ ਨਹੀਂ ਦੇ ਸਕਦੇ ਅਤੇ ਇਸ ਲਈ ਜਦੋਂ ਤੱਕ ਇਹ ਬੰਦ ਨਹੀਂ ਹੋ ਜਾਂਦਾ ਹੈ ਜਾਂ ਗੰਭੀਰ ਰੂਪ ਨਾਲ ਸੀਮਿਤ ਨਹੀਂ ਹੋ ਜਾਂਦਾ ਹੈ, ਪ੍ਰਸਤਾਵਿਤ ਟੈਰਿਫ ਜੋ 4 ਮਾਰਚ ਨੂੰ ਲਾਗੂ ਹੋਣ ਵਾਲੇ ਹਨ, ਅਸਲ ਵਿੱਚ ਨਿਰਧਾਰਤ ਸਮੇਂ `ਤੇ ਹੀ ਲਾਗੂ ਹੋਣਗੇ।