ਕੈਨੇਡਿਆਈ ਨਾਗਰਿਕਾਂ ਨੂੰ ਹਥਿਆਰ ਅਗਲੇ ਸਾਲ 30 ਅਕਤੂਬਰ ਤੱਕ ਸੌਂਪਣ ਦੀ ਛੋਟ ਦਿੱਤੀ
ਵਿਨੀਪੈਗ : ਕੈਨੇਡਾ ਦੀ ਟਰੂਡੋ ਸਰਕਾਰ ਨੇ ਹਥਿਆਰਾਂ ਪ੍ਰਤੀ ਸਖ਼ਤ ਰੁਖ਼ ਅਪਣਾਉਂਦਿਆਂ 324 ਕਿਸਮ ਦੀਆਂ ਬੰਦੂਕਾਂ ’ਤੇ ਪਾਬੰਦੀ ਲਾਉਣ ਦਾ ਐਲਾਨ ਕੀਤਾ ਹੈ। ਪਾਬੰਦੀਸ਼ੁਦਾ ਅਸਾਲਟ ਸ਼ੈਲੀ ਦੀਆਂ ਰਾਈਫ਼ਲਾਂ ਵੀ ਸੰਘੀ ਸਰਕਾਰ ਦੀਆਂ ਪਾਬੰਦੀਆਂ ਵਿੱਚ ਸ਼ਾਮਲ ਹਨ। ਇਨ੍ਹਾਂ ਹਥਿਆਰਾਂ ਨੂੰ ਹੁਣ ਕੈਨੇਡਾ ਵਿੱਚ ਰੱਖਣ, ਵੇਚਣ ਜਾਂ ਦਰਾਮਦ ਕਰਨ ’ਤੇ ਪਾਬੰਦੀ ਲਾਈ ਗਈ ਹੈ। ਲੋਕ ਸੁਰੱਖਿਆ ਮੰਤਰੀ ਡੌਮੀਨਿਕ ਲੇਬਲਾਂਕ ਨੇ ਕਿਹਾ ਕਿ ਇਨ੍ਹਾਂ ਹਥਿਆਰਾਂ ’ਤੇ ਪਾਬੰਦੀ ਲਾਉਣ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਕੈਨੇਡਾ ਵਿੱਚ ਹਰੇਕ ਭਾਈਚਾਰਾ ਤੇ ਹਰੇਕ ਪਰਿਵਾਰ ਸੁਰੱਖਿਅਤ ਰਹੇ।
ਉਨ੍ਹਾਂ ਕਿਹਾ ਕਿ ਕੈਨੇਡਿਆਈ ਨਾਗਰਿਕਾਂ ਨੂੰ ਆਪਣੇ ਹਥਿਆਰ ਅਗਲੇ ਸਾਲ 30 ਅਕਤੂਬਰ ਤੱਕ ਸਰਕਾਰ ਨੂੰ ਸੌਂਪਣ ਦੀ ਛੋਟ ਦਿੱਤੀ ਗਈ ਹੈ ਅਤੇ ਇਨ੍ਹਾਂ ਹਥਿਆਰਾਂ ਦੀ ਕੀਮਤ ਵੀ ਸਰਕਾਰ ਵੱਲੋਂ ਅਦਾ ਕੀਤੀ ਜਾਵੇਗੀ। ਹਾਲਾਂਕਿ, ਮਿਆਦ ਲੰਘਣ ਮਗਰੋਂ ਅਜਿਹੇ ਹਥਿਆਰ ਰੱਖਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸੇ ਦੌਰਾਨ ਰੱਖਿਆ ਮੰਤਰੀ ਬਿਲ ਬਲੇਅਰ ਨੇ ਦੱਸਿਆ ਕਿ ਸਰਕਾਰ ਨੂੰ ਮਿਲਣ ਵਾਲੀਆਂ ਕੁੱਝ ਅਸਾਲਟ ਰਾਈਫਲਾਂ ਯੂਕਰੇਨ ਭੇਜੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਹ ਪਾਬੰਦੀ ਕੈਨੇਡਾ ਵਿੱਚ ਹਥਿਆਰਬੰਦ ਹਿੰਸਾ ਨਾਲ ਨਜਿੱਠਣ ਲਈ ਕੈਨੇਡਾ ਸਰਕਾਰ ਦੀ ਵਿਆਪਕ ਪਹੁੰਚ ਦਾ ਹਿੱਸਾ ਹੈ।
ਦੂਜੇ ਪਾਸੇ, ਕੰਜ਼ਰਵੇਵਿਟ ਪਾਰਟੀ ਨੇ ਸਰਕਾਰ ਵੱਲੋਂ ਲਾਈਆਂ ਨਵੀਆਂ ਪਾਬੰਦੀਆਂ ਦੀ ਆਲੋਚਨਾ ਕੀਤੀ ਹੈ। ਲੋਕ ਸੁਰੱਖਿਆ ਮਾਮਲਿਆਂ ਬਾਰੇ ਆਲੋਚਕ ਰਾਕੇਲ ਡਾਂਚੋ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਅਪਰਾਧੀਆਂ ਪ੍ਰਤੀ ਨਰਮ ਰਵੱਈਆ ਦਿਖਾ ਰਹੀ ਹੈ ਅਤੇ ਕਾਨੂੰਨ ਦਾ ਪਾਲਣ ਕਰਨ ਵਾਲੇ ਕੈਨੇਡਿਆਈ ਨਾਗਰਿਕਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ।