ਟੋਰਾਂਟੋ, 28 ਮਈ
ਕੈਨੇਡਾ ਦੀ ਨਿਊ ਡੈਮੋਕਰੈਟਿਕ ਪਾਰਟੀ ਨੇ ਸਰਕਾਰ ਨੂੰ ਕਿਹਾ ਹੈ ਕਿ ਉਹ ਉਨ੍ਹਾਂ 150 ਪੰਜਾਬੀ ਵਿਦਿਆਰਥੀਆਂ ਨੂੰ ਭਾਰਤ ਵਾਪਸ ਨਾ ਭੇਜੇ ਜਿਨ੍ਹਾਂ ਨੂੰ ਉੱਥੋਂ ਦੀ ਸਰਹੱਦੀ ਸੁਰੱਖਿਆ ਏਜੰਸੀ (ਸੀਬੀਐੱਸਏ) ਨੇ ਡਿਪੋਰਟ ਕਰਨ ਦੇ ਹੁਕਮ ਦਿੱਤੇ ਹਨ। ਜ਼ਿਕਰਯੋਗ ਹੈ ਕਿ ਸਟਡੀ ਵੀਜ਼ੇ ’ਤੇ ਕੈਨੇਡਾ ਆਏ ਇਨ੍ਹਾਂ ਵਿਦਿਆਰਥੀਆਂ ਦੇ ਕਾਲਜ ਦਾਖ਼ਲਾ ਲੈਟਰ ਜਾਅਲੀ ਨਿਕਲੇ ਹਨ ਤੇ ਇਨ੍ਹਾਂ ਨੂੰ 29 ਮਈ ਨੂੰ ਡਿਪੋਰਟ ਕੀਤਾ ਜਾਣਾ ਹੈ। ਪੀੜਤਾਂ ਦਾ ਕਹਿਣਾ ਹੈ ਕਿ ਭਾਰਤ ਵਿਚਲੇ ਇਮੀਗ੍ਰੇਸ਼ਨ ਏਜੰਟ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ ਤੇ ਉਨ੍ਹਾਂ ਨੂੰ ਕਾਗਜ਼ਾਤ ਜਾਅਲੀ ਹੋਣ ਬਾਰੇ ਜਾਣਕਾਰੀ ਨਹੀਂ ਸੀ। ਐੱਨਡੀਪੀ ਵੱਲੋਂ ਆਵਾਸ ਮੰਤਰੀ ਸ਼ੌਨ ਫਰੇਜ਼ਰ ਨੂੰ 25 ਮਈ ਨੂੰ ਪੱਤਰ ਲਿਖਿਆ ਗਿਆ ਹੈ। ਇਸ ਤੋਂ ਪਹਿਲਾਂ ਮੰਤਰੀ ਫਰੇਜ਼ਰ ਨੇ ਟਵੀਟ ਕਰ ਕੇ ਕਿਹਾ ਸੀ ਕਿ ਉਹ ‘ਸਾਜ਼ਿਸ਼ ਕਰਨ ਵਾਲਿਆਂ ਦੀ ਸ਼ਨਾਖ਼ਤ’ ਕਰਨ ’ਤੇ ਧਿਆਨ ਕੇਂਦਰਤ ਕਰ ਰਹੇ ਹਨ।