ਸਟਾਰ ਖ਼ਬਰ-ਦੁਨੀਆਂ ਦਾ ਸਭ ਤੋਂ ਵੱਡਾ ਅਤ ਮਕਬੂਲ ਖੇਡਾਂ ਦਾ ਸਮਾਗਮ ਕੈਨੇਡਾ ਦੀ ਧਰਤੀ ਤੇ ਹੋਣ ਜਾ ਰਿਹਾ ਹੈ।
ਬੁੱਧਵਾਰ ਨੂੰ ਮੈਕਸੀਕੋ ਵਿੱਚ ਹੋਈ ਵੋਟਿੰਗ ਵਿੱਚ ਤਿੰਨ ਮੁਲਕਾਂ ਕੈਨੇਡਾ, ਮੈਕਸੀਕੋ ਅਤੇ ਅਮੈਰਿਕਾ ਨੇ ਮੌਰੌਕੋ ਦੀ ਮੇਜ਼ਬਾਨੀ ਨੂੰ ਹਰਾ ਕੇ ਇਸ ਸਮਾਗਮ ਦੀ ਮੇਜ਼ਬਾਨੀ ਜਿੱਤ ਲਈ ਹੈ। ਇਹ ਪਹਿਲੀ ਵਾਰ ਹੋਵੇਗਾ ਜਦੋਂ ਕੈਨੇਡਾ ਦੀ ਧਰਤੀ ਤੇ ਇਹ ਖੇਡਾਂ ਹੋਣ ਜਾ ਰਹੀਆਂ ਹਨ।
ਫੀਫਾ ਕੱਪ ਦੀ ਮੇਜ਼ਬਾਨੀ ਜਿੱਤਣ ਲਈ ਇੱਕ ਖ਼ਾਸ ਵੋਟਿੰਗ ਸੈਸ਼ਨ ਹੋਇਆ ਜਿਸ ਵਿੱਚ ਸਿਰਫ ਉਹਨਾਂ ਚਾਰ ਮੈਂਬਰਾਂ ਨੂੰ ਛੱਡ ਜੋ ਆਪਣੇ ਮੁਲਕ ਵਿੱਚ ਇਹ ਕੱਪ ਕਰਵਾਉਣ ਚਾਹੁੰਦੇ ਸਨ ਤੋਂ ਇਲਾਵਾ ਹਰ ਮੈਂਬਰ ਨੇ ਇਸ ਸਾਂਝੇਦਾਰੀ ਦੇ ਹੱਕ ਵਿੱਚ ਵੋਟ ਪਾਈ।
ਮੈਕਸੀਕੋ ਇਸ ਤੋਂ ਪਹਿਲਾਂ ਸੰਨ 1970 ਅਤੇ 1986 ਵਿੱਚ ਫੀਫਾ ਕੱਪ ਕਰਵਾ ਚੁੱਕਾ ਹੈ।
ਅਮੈਰਿਕਾ ਸੰਨ 1994 ਵਿੱਚ ਇਹ ਕੱਪ ਕਰਵਾ ਚੁੱਕਾ ਹੈ। ਕੈਨੇਡਾ ਵਿੱਚ ਇਹ ਕੱਪ ਪਹਿਲੀ ਵਾਰ ਹੋਣ ਜਾ ਰਿਹਾ ਹੈ ਜਦੋਂ ਕਿ ਕੈਨੇਡਾ ਸੰਨ 2015 ਵਿੱਚ ਔਰਤਾਂ ਦਾ ਇਸ ਕੱਪ ਦੀ ਮੇਜ਼ਬਾਨੀ ਕਰ ਚੁੱਕਾ ਹੈ।
ਸੰਨ 1986 ਵਿੱਚ ਕੈਨੇਡਾ ਨੇ ਫੀਫਾ ਕੱਪ ਵਿੱਚ ਹਿੱਸਾ ਲਿਆ ਸੀ ਅਤੇ ਪਹਿਲੇ 3 ਮੈਚ ਹਾਰ ਕੇ ਪਹਿਲੇ ਹੀ ਰਾਊਂਡ ਵਿੱਚੋਂ ਬਾਹਰ ਹੋ ਗਿਆ ਸੀ।
ਇਤਿਹਾਸ ਵਿੱਚ ਕੱਪ ਦੀ ਮੇਜ਼ਬਾਨ ਮੁਲਕ ਦੀ ਟੀਮ ਨੂੰ ਭਾਗ ਲੈਣ ਲਈ ਕੁਆਲੀਫਾਈ ਮੈਚ ਨਹੀਂ ਸੀ ਖੇਡਣੇ ਪੈਂਦੇ। ਟੀਮ ਆਪਣੇ ਆਪ ਹੀ ਕੱਪ ਵਿੱਚ ਭਾਗ ਲੈ ਸਕਦੀ ਸੀ।
ਪਰ ਹੁਣ ਇਸ ਗੱਲ ਤੇ ਕਿ ਕੀ ਤਿੰਨੋਂ ਮੁਲਕ ਆਟੋਮੈਟੀਕਲੀ ਹੀ ਇਸ ਕੱਪ ਲਈ ਕੁਆਲੀਫਾਈ ਕਰਨਗੇ ਜਿੰਨ੍ਹਾਂ ਦੇ ਸਾਂਝੇ ਬਿੱਡ ਨੇ ਮੌਰੋਕੋ ਨੂੰ ਹਰਾਇਆ ਦਾ ਫੈਸਲਾ ਭਵਿੱਖ ਵਿੱਚ ਕੌਂਸਲ ਦੀ ਵੋਟਿੰਗ ਰਾਹੀਂ ਹੋਵੇਗਾ।
ਸੰਨ 2026 ਵਿੱਚ 32 ਟੀਮਾਂ ਦੀ ਬਜਾਏ 48 ਟੀਮਾਂ ਭਾਗ ਲੈਣਗੀਆਂ ਅਤੇ 3 ਟੀਮਾਂ ਦੇ 16 ਰੌਬਨ ਰਾਊਂਡ ਗਰੁੱਪ ਬਣਾਏ ਜਾਣਗੇ। ਇਹਨਾਂ 3 ਵਿੱਚੋਂ 2 ਪਹਿਲੀਆਂ ਟੀਮਾਂ ਅਗਲੇ 32 ਦੇ ਗਰੁੱਪ ਵਿੱਚ ਸ਼ਾਮਿਲ ਹੋ ਜਾਣਗੀਆਂ। ਇਹ ਟੂਰਨਾਮੈਂਟ 32 ਦਿਨ ਹੀ ਚੱਲੇਗਾ।
ਗੇਮਾਂ ਕਰਾਉਣ ਲਈ 3 ਕੈਨੇਡੀਅਨ ਸ਼ਹਿਰ ਟੋਰਾਂਟੋ, ਐਡਮਿੰਟਨ ਅਤੇ ਮੌਂਟਰੀਅਲ ਸੰਭਾਵੀ ਜੇਤੂ ਹੋ ਸਕਦੇ ਹਨ। ਸ਼ਹਿਰਾਂ ਦੀ ਚੋਣ ਦਾ ਫੈਸਲਾ ਤਿੰਨਾਂ ਮੁਲਕਾਂ ਦੀ ਸਾਂਝੀ ਕਮੇਟੀ ਵੱਲੋਂ ਫੀਫਾ ਕਮੇਟੀ ਨਾਲ਼ ਮਿਲ ਕੇ ਕੀਤਾ ਜਾਣਾ ਹੈ ਪਰ ਕਿਹੜੇ ਸ਼ਹਿਰ ਨੂੰ ਮੇਜ਼ਬਾਨੀ ਦੇਣੀ ਹੈ ਦਾ ਅੰਤਿਮ ਫੈਸਲਾ ਫੀਫਾ ਕਮੇਟੀ ਨੇ ਹੀ ਕਰਨਾ ਹੈ।
ਅਮੈਰਿਕਾ ਵਿੱਚ ਉਮੀਦਵਾਰ ਸ਼ਹਿਰਾਂ ਵਿੱਚ ਐਟਲਾਂਟਾ, ਬਾਲਟੀਮੋਰ, ਬੋਸਟਨ, ਸਿੰਸੀਨੈਟੀ, ਡਾਲਾਸ, ਡੈਨਵਰ, ਹਿਊਸਟਨ, ਕੈਂਸਸ ਸਿਟੀ, ਲੌਸ ਏਂਜਲਸ, ਮਿਆਮੀ, ਨੈਸ਼ਵੈੱਲ, ਨਿਊ ਯੌਰਕ/ਨਿਊ ਜਰਸੀ, ਓਰਲੈਂਡੋ, ਫਿਲਾਡੈਲਫੀਆ, ਸੈਨ ਫ੍ਰਾਂਸੈਸਕੋ ਬੇਅ ਏਰੀਆ, ਸਿਆਟਲ ਅਤੇ ਵਸ਼ਿੰਗਟਨ (ਡੀæਸੀ) ਸ਼ਾਮਿਲ ਹਨ।
ਕੁਆਰਟਰ ਫਾਈਨਲ ਤੋਂ ਲੈ ਕੇ ਫਾਈਨਲ ਤੱਕ 60 ਮੈਚ ਅਮੈਰਿਕਾ ਵਿੱਚ ਖੇਡੇ ਜਾਣਗੇ ਜਦੋਂ ਕਿ 10-10 ਮੈਚ ਕੈਨੇਡਾ ਅਤੇ ਮੈਕਸੀਕੋ ਵਿੱਚ ਖੇਡੇ ਜਾਣਗੇ।
ਸੰਨ 2018 ਦਾ ਸੰਸਾਰ ਫੁੱਟਬਾਲ (ਸੌਕਰ) ਕੱਪ ਅੱਜ ਰੂਸ ਵਿਚ ਸ਼ੁਰੂ ਹੋ ਗਿਆ ਹੈ ਜਿੱਥੇ ਪਹਿਲੇ ਮੈਚ ਵਿੱਚ ਰੂਸ ਅਤੇ ਸਾਊਦੀ ਅਰਬ ਵਿੱਚ ਹੋਣ ਜਾ ਰਿਹਾ ਹੈ। ਇਸ ਤੋਂ ਅਗਲਾ 2022 ਦਾ ਕੱਪ ਕਤਰ ਵਿੱਚ ਹੋਣਾ ਮਿਥਿਆ ਗਿਆ ਹੈ।