ਅਮਰੀਕਾ ਤੋਂ ਡਿਪੋਰਟ ਹੋਏ ਗੈਰ-ਕਾਨੂੰਨੀ ਪ੍ਰਵਾਸੀ ਭਾਰਤੀਆਂ ਦਾ ਕੀ ਹੋਵੇਗਾ? ਕੀ ਉਹ ਦੁਬਾਰਾ ਅਮਰੀਕਾ ਜਾ ਸਕਣਗੇ ਜਾਂ ਨਹੀਂ? ਕੀ ਉਨ੍ਹਾਂ ਦੀ ਪੁਲਿਸ ਜਾਂਚ ਹੋਵੇਗੀ? ਅਜਿਹੇ ਸਾਰੇ ਸਵਾਲਾਂ ਦੇ ਜਵਾਬ ਰਿਟਾਇਰਡ ਡੀਜੀਪੀ ਵਿਕਰਮ ਸਿੰਘ ਤੇ ਸੁਪਰੀਮ ਕੋਰਟ ਦੇ ਵਕੀਲ ਵਿਰਾਗ ਗੁਪਤਾ ਨੇ ਦਿੱਤੇ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰਿਆਂ ਦੇ ਬਾਇਓਮੈਟ੍ਰਿਕ ਸਕੈਨ ਲਏ ਗਏ ਹਨ ਭਵਿੱਖ ਵਿਚ ਇਹ ਵੈਧ ਦਸਤਾਵੇਜ਼ ‘ਤੇ ਵੀ ਅਮਰੀਕਾ ਜਾਣ ਦੀ ਕੋਸ਼ਿਸ਼ ਕਰਨਗੇ ਤਾਂ ਵੀਜ਼ਾ ਨਹੀਂ ਮਿਲੇਗਾ। ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਬ੍ਰਿਟੇਨ ਸਣੇ 20 ਹੋਰਨਾਂ ਦੇਸ਼ਾਂ ਵਿਚ ਵੀ ਨਹੀਂ ਜਾ ਸਕਣਗੇ ਕਿਉਂਕਿ ਅਮਰੀਕਾ ਦੀ ਵੀਜ਼ਾ ਨੀਤੀ ਲਗਭਗ 20 ਦੇਸ਼ ਫਾਲੋਅ ਕਰਦੇ ਹਨ।
ਪੁਲਿਸ ਜਾਂਚ ਕਰਕੇ ਕਿ ਇਹ ਗੈਰ-ਕਾਨੂੰਨੀ ਪ੍ਰਵਾਸੀ ਅਮਰੀਕਾ ਵਿਚ ਕਿਵੇਂ ਪਹੁੰਚੇ। ਇਨ੍ਹਾਂ ਵਿਚੋਂ ਜੋ ਟੂਰਿਸਟ ਵੀਜ਼ਾ ਲੈ ਕੇ ਅਮਰੀਕਾ ਗਏ ਹੋਣਗੇ ਅਤੇ ਉਥੇ ਰਹਿਣ ਲੱਗੇ ਹੋਣਗੇ ਤਾਂ ਭਾਰਤ ਵਿਚ ਇਨ੍ਹਾਂ ‘ਤੇ ਕੋਈ ਕੇਸ ਨਹੀਂ ਹੋਵੇਗਾ ਕਿਉਂਕਿ ਉਨ੍ਹਾਂ ਨੇ ਅਪਰਾਧ ਅਮਰੀਕਾ ਦੀ ਜ਼ਮੀਨ ‘ਤੇ ਕੀਤਾ ਹੈ, ਭਾਰਤ ਵਿਚ ਨਹੀਂ। ਪੁਲਿਸ ਇਹ ਵੀ ਜਾਂਚ ਕਰੇਗੀ ਕਿ ਕੀ ਇਹ ਭਾਰਤ ਵਿਚ ਕੋਈ ਅਪਰਾਧ ਕਰਕੇ ਅਮਰੀਕਾ ਭੱਜੇ ਸੀ ਜਾਂ ਕਿਸੇ ਮਨੁੱਖੀ ਤਸਕਰੀ ਗਿਰੋਹ ਦੀ ਮਦਦ ਨਾਲ ਅਮਰੀਕਾ ਪਹੁੰਚੇ ਸਨ। ਅਜਿਹੇ ਮਾਮਲਿਆਂ ਵਿਚ ਉਨ੍ਹਾਂ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹਰ ਕੇਸ ਦੀਆਂ ਧਾਰਾਵਾਂ ਤੇ ਮੁੱਕਦਮੇ ਦੇ ਪ੍ਰਕਾਰ ‘ਤੇ ਨਿਰਭਰ ਹੈ। 1 ਤੋਂ 7 ਸਾਲ ਤੱਕ ਸਜ਼ਾ ਤੇ ਜੁਰਮਾਨਾ ਸੰਭਵ ਹੈ।

ਇਨ੍ਹਾਂ ‘ਤੇ 4 ਤਰ੍ਹਾਂ ਦੀ ਕਾਨੂੰਨੀ ਕਾਰਵਾਈ ਸੰਭਵ-
1. ਪਾਸਪੋਰਟ ਵਿਚ ਹੇਰਾਫੇਰੀ ਕੀਤੀ ਹੋਵੇ ਜਾਂ ਨਸ਼ਟ ਕੀਤਾ ਹੋਵੇ ਤਾਂ ਨਾਗਰਿਕਤਾ ਅਧਿਨਿਯਮ 1955 ਤੇ ਪਾਸਪੋਰਟ ਅਧਿਨਿਯਮ 1967 ਮੁਤਾਬਕ ਕਾਰਵਾਈ
2. ਅਗਰ ਹਵਾਲੇ ਜ਼ਰੀਏ ਮਨੁੱਖੀ ਤਸਕਰਾਂ ਨੂੰ ਡੌਂਕੀ ਰੂਟ ਤੋਂ ਪਹੁੰਚਾਉਣ ਲਈ ਪੈਸਾ ਦਿੱਤਾ ਗਿਆ ਤਾਂ ਆਮਦਨ ਟੈਕਸ ਅਧਿਨਿਮ 1961 ਵਿਚ ਈਡੀ ਦੀ ਕਾਰਵਾਈ
3. ਜੇਕਰ ਭਾਰਤ ਤੋਂ ਭੱਜਣ ਦੇ ਬਾਅਦ ਗੈਰ-ਕਾਨੂੰਨੀ ਤਰੀਕੇ ਨਾਲ ਪੈਸੇ ਜਾਂ ਜਾਇਦਾਦ ਵੀ ਭਾਰਤ ਤੋਂ ਬਾਹਰ ਲੈ ਗਏ ਸਨ ਤਾਂ ਸੀਮਾ ਅਧਿਨਿਯਮ 1962 ਵਿਚ ਕਾਰਵਾਈ
4. ਗੈਰ-ਕਾਨੂੰਨੀ ਤੌਰ ਤੋਂ ਭਾਰਤ ਦੀ ਸਰਹੱਦ ਪਾਰ ਕਰਕੇ ਦੂਜੇ ਦੇਸ਼ ਭੱਜਣ ਵਾਲਿਆਂ ‘ਤੇ ਇਮੀਗ੍ਰੇਸ਼ਨ ਅਧਿਨਿਯਮ 1983 ਦੀਆਂ ਵਿਵਸਥਾਵਾਂ ਤਹਿਤ ਕਾਰਵਾਈ