ਓਟਵਾ, 13 ਅਪਰੈਲ :ਪਿਛਲੇ ਕੁੱਝ ਹਫਤਿਆਂ ਵਿੱਚ ਕੈਨੇਡਾ ਭਰ ਵਿੱਚ ਇਨਫਲੂਐਂਜ਼ਾ ਦੇ ਕਈ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਬਹੁਤੇ ਮਾਮਲੇ ਇਨਫਲੂਐਂਜ਼ਾਂ ਬੀ ਦੇ ਹਨ। ਇਹ ਜਾਣਕਾਰੀ ਕੈਨੇਡਾ ਫਲੂਵਾਚ ਵੱਲੋਂ ਦਿੱਤੀ ਗਈ।
ਰਿਪੋਰਟ, ਜਿਹੜੀ ਹਫਤਾਵਾਰੀ ਆਉਂਦੀ ਹੈ ਤੇ ਜਿਸ ਵਿੱਚ ਕੈਨੇਡਾ ਭਰ ਦੇ ਫਲੂ ਦੇ ਮਾਮਲਿਆਂ ਦਾ ਟਰੈਕ ਰੱਖਿਆ ਜਾਂਦਾ ਹੈ, ਵਿੱਚ ਆਖਿਆ ਗਿਆ ਹੈ ਕਿ 2023 ਦੇ 13ਵੇਂ ਹਫਤੇ ਵਿੱਚ ਇਨਫਲੂਐਂਜ਼ਾ ਦੇ ਕੁੱਲ 510 ਮਾਮਲੇ, ਜਿਨ੍ਹਾਂ ਨੂੰ ਲੈਬੋਰੇਟੀਰੀ ਵਿੱਚ ਡਿਟੈਕਟ ਕੀਤਾ ਗਿਆ, ਸਾਹਮਣੇ ਆਏ। ਸਾਲ ਦੇ ਇਸ ਅਰਸੇ ਦੌਰਾਨ ਐਨੇ ਮਾਮਲੇ ਸਧਾਰਨ ਨਹੀਂ ਹਨ। ਇਨ੍ਹਾਂ ਪੁਸ਼ਟੀ ਕੀਤੇ ਗਏ ਫਲੂ ਦੇ ਮਾਮਲਿਆਂ ਵਿੱਚੋਂ 364 ਇਨਫਲੂਐਂਜ਼ਾ ਬੀ ਦੇ ਸਨ ਤੇ ਬਾਕੀ 146 ਇਨਫਲੂਐਂਜ਼ਾ ਏ ਦੇ ਸਨ। ਇਸ ਤੋਂ ਭਾਵ ਇਹ ਹੈ ਕਿ ਇਸ ਸਮੇਂ ਇਨਫਲੂਐਂਜ਼ਾ ਬੀ ਤੇਜ਼ੀ ਨਾਲ ਫੈਲ ਰਿਹਾ ਹੈ ਤੇ ਇਨਫਲੂਐਂਜ਼ਾ ਦੇ 71 ਫੀ ਸਦੀ ਮਾਮਲਿਆਂ ਲਈ ਇਹੋ ਜਿ਼ੰਮੇਵਾਰ ਹੈ।
ਪਿਛਲੇ ਸਾਲ ਦੇ ਮੁਕਾਬਲੇ ਇਹ ਸਟਰੇਨ ਇਸ ਸਮੇਂ ਕਿਤੇ ਉੱਚ ਪੱਧਰ ਉੱਤੇ ਫੈਲ ਰਿਹਾ ਹੈ। 2022 ਦੇ ਅੰਤ ਵਿੱਚ ਫਲੂ ਸੀਜ਼ਨ ਦੌਰਾਨ ਬਹੁਤੇ ਮਾਮਲੇ ਇਨਫਲੂਐਂਜ਼ਾ ਏ ਦੇ ਸਨ ਤੇ ਇਨਫਲੂਐਂਜ਼ਾ ਬੀ ਦਾ ਮਾਮਲਾ ਵਿਰਲਾ ਹੀ ਕਿਤੇ ਸਾਹਮਣੇ ਆ ਰਿਹਾ ਸੀ।ਪਿਛਲੇ ਸਾਲ ਮਾਰਚ-ਅਪਰੈਲ ਦੌਰਾਨ ਇਨਫਲੂਐਂਜ਼ਾ ਬੀ ਦੇ ਸਿਰਫ ਚਾਰ ਮਾਮਲੇ ਹੀ ਸਾਹਮਣੇ ਆਏ ਸਨ ਜਦਕਿ ਇਨਫਲੂਐਂਜ਼ਾ ਏ ਦੇ 1283 ਮਾਮਲੇ ਰਿਕਾਰਡ ਕੀਤੇ ਗਏ ਸਨ। 13ਵੇਂ ਹਫਤੇ ਵਿੱਚ ਇਨਫਲੂਐਂਜ਼ਾ ਕਾਰਨ 15 ਬੱਚਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਇਨ੍ਹਾਂ ਵਿੱਚੋਂ 14 ਇਨਫਲੂਐਂਜ਼ਾ ਬੀ ਦੇ ਮਾਮਲੇ ਸਨ।