ਓਟਵਾ, 21 ਮਾਰਚ : ਕੈਨੇਡਾ ਆਉਣ ਵਾਲੇ ਵੈਕਸੀਨੇਸ਼ਨ ਮੁਕੰਮਲ ਕਰਵਾ ਚੁੱਕੇ ਲੋਕਾਂ ਲਈ ਟੈਸਟ ਕਰਵਾਉਣ ਦੇ ਨਿਯਮ ਵਿੱਚ ਢਿੱਲ ਦਿੱਤੀ ਜਾ ਰਹੀ ਹੈ ਪਰ ਕੈਨੇਡਾ ਵਿੱਚ ਹਵਾਈ ਜਹਾਜ਼ਾਂ ਦੇ ਕਿਰਾਇਆਂ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ।
ਇਸ ਸਮੇਂ ਹਵਾਈ ਜਹਾਜ਼ਾਂ ਦੇ ਕਿਰਾਏ ਘੱਟ ਹਨ ਪਰ ਏਅਰਲਾਈਨ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਵਿੱਚ ਜਲਦ ਵਾਧਾ ਹੋ ਸਕਦਾ ਹੈ। ਫਲਾਈਟ ਸੈਂਟਰ ਦੀ ਐਲੀਸਨ ਵਾਲੇਸ ਦਾ ਕਹਿਣਾ ਹੈ ਕਿ ਫਲਾਈਟਸ ਤੇ ਹੋਟਲਾਂ ਦੀਆਂ ਕੀਮਤਾਂ ਜਲਦ ਵਧਣ ਦੀ ਸੰਭਾਵਨਾ ਹੈ। ਉਨ੍ਹਾਂ ਆਖਿਆ ਕਿ ਇਸ ਹਫਤੇ ਦੇ ਸ਼ੁਰੂ ਵਿੱਚ ਲੰਡਨ ਦੀ ਵੰਨ-ਵੇਅ ਫਲਾਈਟ ਦੀ ਟਿਕਟ 400 ਡਾਲਰ ਸੀ ਤੇ ਹੁਣ ਇਹੀ ਟਿਕਟ 600 ਡਾਲਰ ਦੇ ਨੇੜੇ ਤੇੜੇ ਹੈ।
ਵਾਲੇਸ ਨੇ ਆਖਿਆ ਕਿ ਗਰਮੀ ਦੇ ਮਹੀਨਿਆਂ ਤੇ ਹਾਲੀਡੇਅ ਵੀਕੈਂਡਸ ਉੱਤੇ ਕਾਫੀ ਮਸ਼ਰੂਫੀਅਤ ਵਧਣ ਵਾਲੀ ਹੈ।ਏਅਰਲਾਈਨ ਇੰਡਸਟਰੀ ਵੀ ਮੁੜ ਲੀਹ ਉੱਤੇ ਆਉਣ ਵਾਲੀ ਹੈ ਤੇ ਇਸੇ ਲਈ ਇਹ ਸੰਭਾਵਨਾਂਵਾਂ ਵਧੀਆਂ ਹਨ।