ਟੋਰਾਂਟੋ, 9 ਦਸੰਬਰ
ਮਿਸੀਸਾਗਾ ਦੇ ਗੈਸ ਸਟੇਸ਼ਨ ’ਤੇ ਮਾਰੀ ਗਈ ਸਿੱਖ ਮੁਟਿਆਰ ਦੇ ਮਾਪਿਆਂ ਨੇ ਕੈਨੇਡਾ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਹੈ। ਪਵਨਪ੍ਰੀਤ ਕੌਰ (21) ਦੀ ਪੈਟਰੋ ਕੈਨੇਡਾ ਗੈਸ ਸਟੇਸ਼ਨ ਦੇ ਬਾਹਰ ਤਿੰਨ ਦਸੰਬਰ ਦੀ ਰਾਤ ਨੂੰ ਅਣਪਛਾਤੇ ਹਮਲਾਵਰ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪਵਨਪ੍ਰੀਤ ਦੇ ਪਿਤਾ ਦਵਿੰਦਰ ਸਿੰਘ ਨੇ ਓਮਨੀ ਪੰਜਾਬੀ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ, ‘ਅਸੀਂ ਆਪਣੀ ਲੜਕੀ ਲਈ ਇਨਸਾਫ ਮੰਗਦੇ ਹਾਂ, ਸਾਨੂੰ ਆਪਣੀ ਲੜਕੀ ਤਾਂ ਵਾਪਸ ਨਹੀਂ ਮਿਲਣੀ ਪਰ ਅਸੀਂ ਚਾਹੁੰਦੇ ਹਾਂ ਕਿ ਕਾਤਲ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਦੱਸਣਾ ਬਣਦਾ ਹੈ ਕਿ ਪਵਨਪ੍ਰੀਤ 18 ਸਾਲ ਦੀ ਉਮਰ ਵਿਚ ਕੈਨੇਡਾ ਵਿਚ ਪੜ੍ਹਾਈ ਕਰਨ ਗਈ ਸੀ। ਪਵਨਪ੍ਰੀਤ ਦੇ ਪਿਤਾ ਨੇ ਕਿਹਾ ਕਿ ਮਾਪਿਆਂ ਦੀ ਖਾਹਿਸ਼ ਹੁੰਦੀ ਹੈ ਕਿ ਉਨ੍ਹਾਂ ਦੇ ਬੱਚੇ ਕੈਨੇਡਾ ਜਾ ਕੇ ਪੜ੍ਹਾਈ ਕਰਨ। ਉਨ੍ਹਾਂ ਨੇ ਵੀ ਇਹੀ ਖਾਹਿਸ਼ ਨਾਲ ਆਪਣੀ ਬੱਚੀ ਨੂੰ ਕੈਨੇਡਾ ਭੇਜਿਆ ਸੀ ਪਰ ਪਵਨਪ੍ਰੀਤ ਦੀ ਮੌਤ ਨਾਲ ਉਹ ਪੂਰੀ ਤਰ੍ਹਾਂ ਨਾਲ ਟੁੱਟ ਚੁੱਕੇ ਹਨ। ਪਵਨਪ੍ਰੀਤ ਦੀ ਮਾਤਾ ਜਸਵੀਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਪਛਤਾਵਾ ਹੋ ਰਿਹਾ ਹੈ ਕਿ ਉਨ੍ਹਾਂ ਆਪਣੀ ਬੱਚੀ ਨੂੰ ਕੈਨੇਡਾ ਕਿਉਂ ਭੇਜਿਆ। ਇਸ ਤੋਂ ਪਹਿਲਾਂ ਕੈਨੇਡਾ ਦੀ ਪੁਲੀਸ ਨੇ ਹਮਲਾਵਰ ਦੇ ਹੋਰ ਵੇਰਵੇ ਵੀ ਨਸ਼ਰ ਕੀਤੇ ਹਨ। ਹਮਲਾਵਰ ਨੇ ਪਵਨਪ੍ਰੀਤ ’ਤੇ ਹਮਲਾ ਕਰਨ ਵੇਲੇ ਮੂੰਹ ਸਿਰ ਢਕਣ ਵਾਲੀ ਜੈਕੇਟ (ਹੁੱਡੀ) ਪਾਈ ਹੋਈ ਸੀ। ਪੁਲੀਸ ਨੇ ਦਾਅਵਾ ਕੀਤਾ ਹੈ ਕਿ ਹਮਲਾਵਰ ਦਾ ਸਾਈਕਲ ਮਿਲ ਗਿਆ ਹੈ।