ਓਟਵਾ, 24 ਅਕਤੂਬਰ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਨੇਡੀਅਨਾਂ ਨੂੰ ਇਹ ਆਸ ਬੰਨ੍ਹਾਈ ਜਾ ਰਹੀ ਹੈ ਕਿ ਕੋਵਿਡ-19 ਸਬੰਧੀ ਟੈਸਟਿੰਗ ਤੇ ਵੈਕਸੀਨ ਤਿਆਰ ਕਰਨ ਵਿੱਚ ਥੋੜ੍ਹੀ ਤੇਜ਼ੀ ਆਈ ਹੈ| ਟਰੂਡੋ ਨੂੰ ਇਹ ਸੱਭ ਇਸ ਲਈ ਦੱਸਣਾ ਪੈ ਰਿਹਾ ਹੈ ਕਿਉਂਕਿ ਪਿਛਲੇ ਦਿਨੀਂ ਕੋਵਿਡ-19 ਦੇ ਮਾਮਲਿਆਂ ਵਿੱਚ  ਕਾਫੀ ਵਾਧਾ ਹੋਇਆ ਹੈ|
ਅੱਜ ਇੱਕ ਨਿਊਜ਼ ਕਾਨਫਰੰਸ ਵਿੱਚ ਟਰੂਡੋ ਨੇ ਆਖਿਆ ਕਿ ਸਰਕਾਰ ਕੋਵਿਡ-19 ਦੀ ਵੈਕਸੀਨ ਤਿਆਰ ਕਰਨ, ਕਿਊਬਿਕ ਦੀ ਮੈਡੀਕਾਗੋ ਤੇ ਬ੍ਰਿਟਿਸ਼ ਕੋਲੰਬੀਆ ਦੀ ਪ੍ਰਸੀਜ਼ਨ ਨੈਨੋਸਿਸਟਮਜ਼ ਨਾਲ ਡੀਲ ਸਾਈਨ ਕਰਨ ਲਈ 214 ਮਿਲੀਅਨ ਡਾਲਰ ਖਰਚ ਰਹੀ ਹੈ| ਟਰੂਡੋ ਦਾ ਕਹਿਣਾ ਹੈ ਕਿ ਮੈਡੀਕਾਗੋ ਨਾਲ ਕਾਂਟਰੈਕਟ ਵਿੱਚ ਇਨ੍ਹਾਂ ਦੀ ਵੈਕਸੀਨ, ਜੇ ਸਿਹਤ ਸਬੰਧੀ ਸੇਫਟੀ ਮਾਪਦੰਡ ਪੂਰੇ ਕਰਦੀ ਹੈ ਤਾਂ ਉਸ ਦੀਆਂ 76 ਮਿਲੀਅਨ ਡੋਜ਼ਿਜ਼ ਖਰੀਦਣ ਦਾ ਅਧਿਕਾਰ ਸ਼ਾਮਲ ਹੈ| ਇਸ ਦੇ ਨਾਲ ਹੀ ਕਿਊਬਿਕ ਸਿਟੀ ਵਿੱਚ ਇਸ ਦੀ ਪ੍ਰੋਡਕਸ਼ਨ ਫੈਸਿਲਿਟੀ ਲਈ ਫੰਡਿੰਗ ਵੀ ਸ਼ਾਮਲ ਹੈ|
ਦੋ ਹੋਰ ਅਮੈਰੀਕਨ ਵੈਕਸੀਨ ਨਿਰਮਾਤਾ, ਮੌਡਰਨਾ ਤੇ ਫਾਈਜ਼ਰ, ਵੱਲੋਂ ਵੀ ਕਲੀਨਿਕਲ ਟਰਾਇਲਜ਼ ਦੇ ਚੱਲਦਿਆਂ ਹੈਲਥ ਕੈਨੇਡਾ ਨੂੰ ਉਨ੍ਹਾਂ ਦੇ ਪ੍ਰੋਡਕਟਸ ਦਾ ਮੁਲਾਂਕਣ ਕਰਨ ਲਈ ਆਖਿਆ ਗਿਆ ਹੈ| ਟਰੂਡੋ ਨੇ ਚੇਤਾਵਨੀ ਦਿੰਦਿਆਂ ਆਖਿਆ ਕਿ ਉਹ ਇਹ ਝੂਠੀ ਆਸ ਨਹੀਂ ਬਨ੍ਹਾਉਣੀ ਚਾਹੁੰਦੇ ਕਿ ਕੋਵਿਡ-19 ਵਾਇਰਸ ਦੀ ਵੈਕਸੀਨ ਇਸ ਸਾਲ ਜਾਂ 2021 ਦੇ ਸ਼ੁਰੂ ਵਿੱਚ ਤਿਆਰ ਹੋ ਜਾਵੇਗੀ|
ਟਰੂਡੋ ਨੇ ਆਖਿਆ ਕਿ ਉਨ੍ਹਾਂ ਵੱਲੋਂ ਮੈਡੀਕਲ ਕੰਪਨੀ ਐਬੌਟ ਤੋਂ ਸੈਂਕੜੇ ਰੈਪਿਡ ਟੈਸਟ ਕਿੱਟਸ ਵੀ ਮੰਗਵਾਈਆਂ ਗਈਆਂ ਹਨ ਜਿਨ੍ਹਾਂ ਨੂੰ ਜਲਦ ਹੀ ਪ੍ਰੋਵਿੰਸਿਜ਼ ਤੇ ਟੈਰੇਟਰੀਜ਼ ਨੂੰ ਵੰਡਿਆ ਜਾਵੇਗਾ|