ਕੈਨੇਡਾ ਵਿੱਚ ਜਲਦੀ ਹੀ ਆਮ ਚੋਣਾਂ ਹੋਣ ਵਾਲੀਆਂ ਹਨ। ਜਿਸ ਕਾਰਨ ਕੈਨੇਡਾ ਵਿੱਚ ਚੋਣ ਗਤੀਵਿਧੀਆਂ ਤੇਜ਼ ਹਨ ਅਤੇ ਚੋਣ ਪ੍ਰਚਾਰ ਪੂਰੇ ਜ਼ੋਰਾਂ ‘ਤੇ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਆਪਣੀ ਲੀਡ ਬਰਕਰਾਰ ਰੱਖ ਰਹੀ ਹੈ, ਜਦੋਂ ਕਿ ਕੁਝ ਸਮਾਂ ਪਹਿਲਾਂ ਤੱਕ ਲੀਡ ਕਰ ਰਹੀ ਕੰਜ਼ਰਵੇਟਿਵ ਪਾਰਟੀ ਹੁਣ ਪਿੱਛੇ ਹੁੰਦੀ ਦਿਖਾਈ ਦੇ ਰਹੀ ਹੈ। ਡੋਨਾਲਡ ਟਰੰਪ ਦੇ ਕੈਨੇਡਾ ‘ਤੇ ਟੈਰਿਫ ਲਗਾਉਣ ਦੇ ਫੈਸਲੇ ਤੋਂ ਲਿਬਰਲ ਪਾਰਟੀ ਨੂੰ ਫਾਇਦਾ ਹੁੰਦਾ ਜਾਪਦਾ ਹੈ।
ਇੱਕ ਤਾਜ਼ਾ ਸਰਵੇਖਣ ਅਨੁਸਾਰ, 43 ਪ੍ਰਤੀਸ਼ਤ ਲੋਕ ਲਿਬਰਲ ਪਾਰਟੀ ਦਾ ਸਮਰਥਨ ਕਰ ਰਹੇ ਹਨ। ਜਦੋਂ ਕਿ ਕੰਜ਼ਰਵੇਟਿਵ ਪਾਰਟੀ ਨੂੰ 38 ਪ੍ਰਤੀਸ਼ਤ ਲੋਕਾਂ ਦਾ ਸਮਰਥਨ ਮਿਲਿਆ ਹੈ। ਭਾਰਤੀ ਮੂਲ ਦੇ ਜਗਮੀਤ ਸਿੰਘ ਦੀ ਪਾਰਟੀ ਐਨਡੀਪੀ 8.3 ਪ੍ਰਤੀਸ਼ਤ ਸਮਰਥਨ ਨਾਲ ਬਹੁਤ ਪਿੱਛੇ ਰਹਿ ਗਈ ਹੈ। ਦੂਜੇ ਪਾਸੇ, ਬਲਾਕ ਕਿਊਬੇਕੋਇਸ ਪਾਰਟੀ ਨੂੰ 5.4 ਪ੍ਰਤੀਸ਼ਤ ਦਾ ਸਮਰਥਨ ਪ੍ਰਾਪਤ ਹੈ।
ਕੈਨੇਡਾ ਵਿੱਚ ਆਮ ਚੋਣਾਂ ਲਈ ਵੋਟਿੰਗ 28 ਅਪ੍ਰੈਲ, 2025 ਨੂੰ ਹੋਵੇਗੀ। ਭਾਵੇਂ ਮੌਜੂਦਾ ਲਿਬਰਲ ਪਾਰਟੀ ਦੀ ਸਰਕਾਰ ਦਾ ਕਾਰਜਕਾਲ ਇਸ ਸਾਲ ਅਕਤੂਬਰ ਤੱਕ ਸੀ, ਪਰ ਜਸਟਿਨ ਟਰੂਡੋ ਦੇ ਅਸਤੀਫ਼ੇ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਬਣੇ ਮਾਰਕ ਕਾਰਨੀ ਨੇ ਜਲਦੀ ਚੋਣਾਂ ਦਾ ਐਲਾਨ ਕੀਤਾ ਹੈ। ਜਿਸ ਕਾਰਨ ਆਮ ਚੋਣਾਂ ਲਈ ਵੋਟਿੰਗ ਹੁਣ ਅਪ੍ਰੈਲ ਵਿੱਚ ਹੀ ਹੋ ਰਹੀ ਹੈ। ਕੈਨੇਡੀਅਨ ਆਮ ਚੋਣਾਂ ਵਿੱਚ ਮੁੱਖ ਮੁਕਾਬਲਾ ਲਿਬਰਲ ਪਾਰਟੀ ਅਤੇ ਕੰਜ਼ਰਵੇਟਿਵ ਪਾਰਟੀ ਵਿਚਕਾਰ ਹੈ। ਲਿਬਰਲ ਪਾਰਟੀ ਦਾ ਚਿਹਰਾ ਮੌਜੂਦਾ ਪ੍ਰਧਾਨ ਮੰਤਰੀ ਮਾਰਕ ਕਾਰਨੇ ਹਨ। ਕੰਜ਼ਰਵੇਟਿਵ ਪਾਰਟੀ ਦੀ ਅਗਵਾਈ ਪੀਅਰੇ ਪੋਇਲੀਵਰ ਕਰ ਰਹੇ ਹਨ। ਨਿਊ ਡੈਮੋਕ੍ਰੇਟਿਕ ਪਾਰਟੀ ਦਾ ਚਿਹਰਾ ਭਾਰਤੀ ਮੂਲ ਦੇ ਜਗਮੀਤ ਸਿੰਘ ਹਨ।ਬਲਾਕ ਕਿਊਬੇਕੋਇਸ ਪਾਰਟੀ ਦਾ ਆਗੂ ਫ੍ਰੈਂਕੋਇਸ ਬਲੈਂਕਵੇਟ ਹੈ।
ਤਾਜ਼ਾ ਸਰਵੇਖਣ ਅਨੁਸਾਰ, ਜੇਕਰ ਅੱਜ ਚੋਣਾਂ ਕਰਵਾਈਆਂ ਜਾਂਦੀਆਂ ਹਨ, ਤਾਂ ਲਿਬਰਲ ਪਾਰਟੀ 43 ਪ੍ਰਤੀਸ਼ਤ ਸਮਰਥਨ ਨਾਲ 196 ਸੀਟਾਂ ਜਿੱਤ ਸਕਦੀ ਹੈ। ਜਦੋਂ ਕਿ ਵਿਰੋਧੀ ਕੰਜ਼ਰਵੇਟਿਵ ਪਾਰਟੀ ਨੂੰ 122 ਸੀਟਾਂ ਮਿਲ ਸਕਦੀਆਂ ਹਨ।ਐਨਡੀਪੀ ਨੂੰ ਸਿਰਫ਼ ਪੰਜ ਸੀਟਾਂ ਅਤੇ ਬਲਾਕ ਕਿਊਬੈਕੋਇਸ ਪਾਰਟੀ ਨੂੰ 19 ਸੀਟਾਂ ਮਿਲ ਸਕਦੀਆਂ ਹਨ। ਸਰਵੇਖਣ ਤੋਂ ਇਹ ਸਪੱਸ਼ਟ ਹੈ ਕਿ 2015 ਤੋਂ ਕੈਨੇਡਾ ਵਿੱਚ ਸੱਤਾ ਵਿੱਚ ਰਹੀ ਲਿਬਰਲ ਪਾਰਟੀ ਇੱਕ ਵਾਰ ਫਿਰ ਸੱਤਾ ਵਿੱਚ ਆਉਣ ਵਾਲੀ ਹੈ।