ਓਟਵਾ, 15 ਦਸੰਬਰ : ਸੋਮਵਾਰ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਕੁੱਝ ਕੈਨੇਡੀਅਨਜ਼ ਨੂੰ ਦਿੱਤੀ ਗਈ| ਕੁੱਝ ਲੋਕਾਂ ਵੱਲੋਂ ਇਸ ਨੂੰ ਵੀ-ਡੇਅ ਦਾ ਨਾਂ ਦਿੱਤਾ ਗਿਆ| ਨੋਵਲ ਕਰੋਨਾਵਾਇਰਸ ਖਿਲਾਫ ਜਾਰੀ ਸੰਘਰਸ਼ ਹੁਣ ਨਵੇਂ ਦੌਰ ਵਿੱਚ ਪਹੁੰਚ ਗਿਆ ਹੈ|
ਓਨਟਾਰੀਓ ਤੇ ਕਿਊਬਿਕ ਵਿੱਚ ਸੋਮਵਾਰ ਨੂੰ ਇੱਕ ਨਿੱਕੇ ਜਿਹੇ ਗਰੁੱਪ ਨੂੰ ਇਹ ਟੀਕੇ ਲਾਏ ਗਏ| ਇਸ ਤੋਂ ਪਹਿਲਾਂ ਐਤਵਾਰ ਰਾਤ ਨੂੰ ਹੀ ਫਾਈਜ਼ਰ-ਬਾਇਓਐਨਟੈਕ ਦੀ ਸ਼ੁਰੂਆਤੀ ਖੇਪ ਕੈਨੇਡਾ ਪਹੁੰਚ ਗਈ ਸੀ| ਇਸ ਹਫਤੇ, 10 ਪ੍ਰੋਵਿੰਸਾਂ ਵਿੱਚ 14 ਸਾਈਟਸ ਉੱਤੇ ਕੋਵਿਡ-19 ਵੈਕਸੀਨ ਦੀਆਂ 30,000 ਮੁੱਢਲੀਆਂ ਡੋਜ਼ਾਂ ਦਿੱਤੀਆਂ ਜਾਣਗੀਆਂ| ਕੱਲ੍ਹ ਆਖਿਰਕਾਰ ਦੇਸ਼ ਦੀ ਸੱਭ ਤੋਂ ਵੱਡੀ ਇਮਿਊਨਾਈਜ਼ੇਸ਼ਨ ਕੈਂਪੇਨ ਦੀ ਸ਼ੁਰੂਆਤ ਹੋ ਗਈ|
ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਵੱਲੋਂ ਇਸ ਵੈਕਸੀਨ ਪ੍ਰੋਗਰਾਮ ਦੀ ਨਿਗਰਾਨੀ ਕਰ ਰਹੇ ਉੱਘੇ ਫੌਜੀ ਅਧਿਕਾਰੀ ਮੇਜਰ ਜਨਰਲ ਡੈਨੀ ਫੋਰਟਿਨ ਨੇ ਸੋਮਵਾਰ ਦੁਪਹਿਰ ਨੂੰ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਜਿਸ ਤਰ੍ਹਾਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਹੈ| ਇੱਥੇ ਦੱਸਣਾ ਬਣਦਾ ਹੈ ਕਿ ਸੱਭ ਤੋਂ ਪਹਿਲਾਂ ਇਹ ਵੈਕਸੀਨ ਉਨ੍ਹਾਂ ਨੂੰ ਦਿੱਤੀ ਜਾ ਰਹੀ ਹੈ ਜਿਨ੍ਹਾਂ ਉੱਤੇ ਕੋਵਿਡ-19 ਦੀ ਸੱਭ ਤੋਂ ਵੱਧ ਮਾਰ ਪਈ ਹੈ| ਇਨ੍ਹਾਂ ਵਿੱਚ ਲਾਂਗ ਟਰਮ ਕੇਅਰ ਹੋਮਜ਼ ਦਾ ਸਟਾਫ ਤੇ ਰੈਜ਼ੀਡੈਂਟਸ ਤੇ ਉਨ੍ਹਾਂ ਦੇ ਨਾਲ ਨਾਲ ਫਰੰਟਲਾਈਨ ਹੈਲਥ ਕੇਅਰ ਸਟਾਫ ਸ਼ਾਮਲ ਹੈ|
ਕੈਨੇਡਾ ਵਿੱਚ ਕੋਵਿਡ-19 ਦੀ ਵੈਕਸੀਨ ਸੱਭ ਤੋਂ ਪਹਿਲਾਂ ਕਿਊਬਿਕ ਸਿਟੀ ਦੇ ਸੇਂਟ ਐਂਟੌਇਨ ਲਾਂਗ ਟਰਮ ਕੇਅਰ ਹੋਮ ਦੀ ਰੈਜ਼ੀਡੈਂਟ 89 ਸਾਲਾ ਗਿਜ਼ੇਲ ਲੈਵੈਸਕ ਨੂੰ ਦਿੱਤੀ ਗਈ| ਉਨ੍ਹਾਂ ਨੂੰ ਸਵੇਰੇ 11:25 ਉੱਤੇ ਸੱਭ ਤੋਂ ਪਹਿਲਾ ਟੀਕਾ ਲਾਇਆ ਗਿਆ| ਇਸ ਤੋਂ ਇਲਾਵਾ ਮਾਂਟਰੀਅਲ ਸਥਿਤ ਮੇਮੋਨੌਇਡਜ਼ ਗੈਰੀਐਟ੍ਰਿਕ ਸੈਂਟਰ ਵਿੱਚ ਵੀ ਵੈਕਸੀਨੇਸ਼ਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ| ਇਸ ਪ੍ਰੋਵਿੰਸ ਨੂੰ 1950 ਸ਼ੁਰੂਆਤੀ ਡੋਜ਼ਾਂ ਦਿੱਤੀਆਂ ਜਾਣੀਆਂ ਸਨ|
ਓਨਟਾਰੀਓ ਵਿੱਚ ਵੈਕਸੀਨ ਦੀ ਸੱਭ ਤੋਂ ਪਹਿਲੀ ਡੋਜ਼ ਪਰਸਨਲ ਸਪੋਰਟ ਵਰਕਰ ਅਨੀਤਾ ਕੁਇਡੈਂਜਨ ਨੂੰ ਦਿੱਤੀ ਗਈ| ਉਸ ਨੂੰ ਇਹ ਡੋਜ਼ ਟੋਰਾਂਟੋ ਵਿੱਚ ਯੂਨੀਵਰਸਿਟੀ ਹੈਲਥ ਨੈੱਟਵਰਕ ਦੇ ਹਿੱਸੇ ਮਿਸ਼ੇਨਰ ਇੰਸਟੀਚਿਊਟ ਵਿੱਚ ਦਿੱਤੀ ਗਈ| ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ 1988 ਤੋਂ ਲੈ ਕੇ ਹੁਣ ਤੱਕ ਅਨੀਤਾ ਨੇ ਅਣਥੱਕ ਮਿਹਨਤ ਸਦਕਾ ਸਾਡੀ ਪ੍ਰੋਵਿੰਸ ਦੀ ਹਮੇਸ਼ਾਂ ਮਦਦ ਕੀਤੀ ਹੈ|
ਇਸ ਦੌਰਾਨ ਫੈਡਰਲ ਸਿਹਤ ਮੰਤਰੀ ਪੈਟੀ ਹਾਜ਼ਦੂ ਇਸ ਮੌਕੇ ਮਾਂਟਰੀਅਲ ਵਿੱਚ ਸੀ| ਉਨ੍ਹਾਂ ਆਖਿਆ ਕਿ ਆਖਰੀ ਨੌਂ ਮਹੀਨੇ ਕੇਨੇਡੀਅਨਾਂ ਲਈ, ਖਾਸ ਤੌਰ ਉੱਤੇ ਜਿਨ੍ਹਾਂ ਦੇ ਰਿਸ਼ਤੇਦਾਰ ਲਾਂਗ ਟਰਮ ਕੇਅਰ ਹੋਮਜ਼ ਵਿੱਚ ਸਨ ਤੇ ਜਾਂ ਫਿਰ ਹੋਰ ਹੈਲਥ ਫੈਸਿਲਿਟੀਜ਼ ਵਿੱਚ ਕੰਮ ਕਰਨ ਵਾਲਿਆਂ ਲਈ, ਬਹੁਤ ਭਾਰੀ ਰਹੇ| ਪਰ ਹੁਣ ਆਸ ਦੀ ਇੱਕ ਕਿਰਨ ਨਜ਼ਰ ਆਉਣ ਲੱਗੀ ਹੈ ਤੇ ਉਮੀਦ ਹੈ ਕਿ ਸੱਭ ਠੀਕ ਹੋ ਜਾਵੇਗਾ|