ਟੋਰਾਂਟੋ : ਕੈਨੇਡਾ ਵਿਚ ਅਸਾਇਲਮ ਮੰਗਣ ਵਾਲਿਆਂ ਦੀ ਗਿਣਤੀ 1 ਲੱਖ 86 ਹਜ਼ਾਰ ’ਤੇ ਪੁੱਜ ਗਈ ਹੈ ਅਤੇ ਹਾਲ ਹੀ ਵਿਚ 10 ਹਜ਼ਾਰ ਪੰਜਾਬੀਆਂ ਨੇ ਕੈਨੇਡਾ ਵਿਚ ਪਨਾਹ ਮੰਗੀ। ਅਸਾਇਲਮ ਮੰਗਣ ਵਾਲਿਆਂ ਵਿਚੋਂ ਵੱਡੀ ਗਿਣਤੀ ਕੌਮਾਂਤਰੀ ਵਿਦਿਆਰਥੀਆਂ ਅਤੇ ਵਿਜ਼ਟਰ ਵੀਜ਼ਾ ਵਾਲਿਆਂ ਦੀ ਹੈ ਜੋ ਪੱਕੇ ਤੌਰ ’ਤੇ ਕੈਨੇਡਾ ਵਿਚ ਵਸਣ ਲਈ ਇਹ ਰਾਹ ਅਖਤਿਆਰ ਕਰ ਰਹੇ ਹਨ। ਦੂਜੇ ਪਾਸੇ ਇੰਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਅਸਾਇਲਮ ਕੇਸਾਂ ਦਾ ਬੈਕਲਾਗ ਵਧਣ ਕਾਰਨ ਨਵੇਂ ਮਾਮਲਿਆਂ ਦਾ ਨਿਪਟਾਰਾ ਚਾਰ ਸਾਲ ਤੋਂ ਪਹਿਲਾਂ ਹੋਣਾ ਸੰਭਵ ਨਹੀਂ। ਕੈਨੇਡੀਅਨ ਹਵਾਈ ਅੱਡਿਆਂ ’ਤੇ ਅਸਾਇਲਮ ਮੰਗਣ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ 2019 ਤੋਂ 2023 ਦਰਮਿਆਨ ਇਸ ਅੰਕੜੇ ਵਿਚ 72 ਹਜ਼ਾਰ ਦਾ ਵਾਧਾ ਹੋਇਆ। ਮੌਂਟਰੀਅਲ ਦੇ ਹਵਾਈ ਅੱਡੇ ’ਤੇ 2022 ਵਿਚ ਸਿਰਫ 3,325 ਜਣਿਆਂ ਨੇ ਕੈਨੇਡਾ ਵਿਚ ਸ਼ਰਨ ਮੰਗੀ ਸੀ ਪਰ 2023 ਵਿਚ ਇਹ ਅੰਕੜਾ 29,500 ਹੋ ਗਿਆ। ਦੱਸ ਦੇਈਏ ਕਿ 2019 ਵਿਚ 58,378 ਜਣਿਆਂ ਨੇ ਕੈਨੇਡਾ ਵਿਚ ਪਨਾਹ ਮੰਗੀ ਪਰ ਅਗਲੇ ਸਾਲ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਸ਼ਰਨ ਮੰਗਣ ਵਾਲਿਆਂ ਦੀ ਗਿਣਤੀ ਘਟ ਕੇ 18,500 ਰਹਿ ਗਈ।