ਟੋਰਾਂਟੋ : ਕੈਨੇਡਾ ਵਿਚ ਸ਼ਰਾਬੀ ਡਰਾਈਵਰਾਂ ਦੀ ਹੁਣ ਖੈਰ ਨਹੀਂ ਜਿਨ੍ਹਾਂ ਨੂੰ ਜਾਨਲੇਵਾ ਹਾਦਸੇ ਮਗਰੋਂ ਸਿਰਫ਼ ਜੇਲ ਹੀ ਨਹੀਂ ਕੱਟਣੀ ਹੋਵੇਗੀ ਸਗੋਂ ਹਾਦਸੇ ਦੌਰਾਨ ਮਰਨ ਵਾਲੇ ਮਰਦ ਜਾਂ ਔਰਤ ਦੇ ਬੱਚੇ ਦੀ ਪਰਵਰਿਸ਼ ਦਾ ਖਰਚਾ ਵੀ ਚੁੱਕਣਾ ਪਵੇਗਾ। ਜੀ ਹਾਂ, ਉਨਟਾਰੀਓ ਦੀ ਡਗ ਫ਼ੋਰਡ ਸਰਕਾਰ ਨਵਾਂ ਕਾਨੂੰਨ ਲਿਆ ਰਹੀ ਹੈ ਤਾਂਕਿ ਸ਼ਰਾਬ ਪੀ ਕੇ ਡਰਾਈਵਿੰਗ ਕਰਨ ਦੇ ਰੁਝਾਨ ਨੂੰ ਠੱਲ੍ਹ ਪਾਈ ਜਾ ਸਕੇ। ਅਟਾਰਨੀ ਜਨਰਲ ਡਗ ਡਾਊਨੀ ਨੇ ਵਿਧਾਨ ਸਭਾ ਵਿਚ ਕਿਹਾ ਕਿ ਨਾਬਾਲਗਾਂ ਵਾਸਤੇ ਮਾਪਿਆਂ ਦਾ ਵਿਛੋੜਾ ਅਸਹਿ ਸਦਮੇ ਤੋਂ ਘੱਟ ਨਹੀਂ ਹੁੰਦਾ। ਇਕ ਪਾਸੇ ਜਾਨੀ ਨੁਕਸਾਨ ਅਤੇ ਦੂਜੇ ਪਾਸੇ ਆਰਥਿਕ ਔਕੜਾਂ ਬੱਚੇ ਦਾ ਰਾਹ ਘੇਰ ਲੈਂਦੀਆਂ ਹਨ। ਭਾਵੇਂ ਮੌਜੂਦਾ ਸਮੇਂ ਵਿਚ ਵੀ ਸ਼ਰਾਬੀ ਡਰਾਈਵਰਾਂ ਵਿਰੁੱਧ ਸਿਵਲ ਕੋਰਟ ਵਿਚ ਹਰਜਾਨੇ ਦਾ ਮੁਕੱਦਮਾ ਦਾਇਰ ਕੀਤਾ ਜਾ ਸਕਦਾ ਹੈ ਪਰ ਇਹ ਕਾਫ਼ੀ ਨਹੀਂ।
ਬੱਚਿਆਂ ਦੀ ਪਰਵਰਿਸ਼ ਦਾ ਖਰਚਾ ਵੀ ਦੇਣਾ ਹੋਵੇਗਾ
ਡਗ ਡਾਊਨੀ ਨੇ ਅੱਗੇ ਕਿਹਾ ਕਿ ਨਵੇਂ ਕਾਨੂੰਨ ਰਾਹੀਂ ਦੋਸ਼ੀ ਡਰਾਈਵਰ ਦੀ ਜਵਾਬਦੇਹੀ ਯਕੀਨੀ ਬਣਾਈ ਜਾਵੇਗੀ ਅਤੇ ਤਰਾਸਦੀਆਂ ਦੇ ਸ਼ਿਕਾਰ ਬੱਚਿਆ ਦੀ ਮਦਦ ਦਾ ਪੱਕਾ ਜ਼ਰੀਆ ਕਾਇਮ ਕੀਤਾ ਜਾ ਸਕੇਗਾ। ਦੂਜੇ ਪਾਸੇ ਵਿਰੋਧੀ ਧਿਰ ਨੇ ਕਿਹਾ ਕਿ ਸ਼ਰਾਬੀ ਡਰਾਈਵਰਾਂ ਨੂੰ ਨੱਥ ਪਾਉਣ ਲਈ ਹੋਰ ਬਹੁਤ ਕੁਝ ਕੀਤਾ ਜਾ ਸਕਦਾ ਹੈ ਪਰ ਸੂਬਾ ਸਰਕਾਰ ਦੇ ਇਰਾਦੇ ਨਜ਼ਰ ਨਹੀਂ ਆ ਰਹੇ। ਐਨ.ਡੀ.ਪੀ. ਦੀ ਆਗੂ ਮੈਰਿਟ ਸਟਾਈਲਜ਼ ਨੇ ਕਿਹਾ ਕਿ ਪੀ.ਸੀ. ਪਾਰਟੀ ਦੀ ਸਰਕਾਰ ਅੱਠ ਸਾਲ ਤੋਂ ਸੱਤਾ ਵਿਚ ਹੈ ਪਰ ਸ਼ਰਾਬੀ ਡਰਾਈਵਰਾਂ ਦੀ ਨਕੇਲ ਕਸਣ ਵਾਸਤੇ ਸੁਹਿਰਦ ਹੰਭਲਾ ਨਹੀਂ ਮਾਰਿਆ। ਮੰਦਭਾਗੇ ਤੌਰ ’ਤੇ ਹੁਣ ਗੈਸ ਸਟੇਸ਼ਨਾਂ ਤੋਂ ਵੀ ਸ਼ਰਾਬ ਖ਼ਰੀਦੀ ਜਾ ਸਕਦੀ ਹੈ ਅਤੇ ਸ਼ਰਾਬ ਤੇ ਡਰਾਈਵਿੰਗ ਦਾ ਮੇਲ ਰੋਕਣਾ ਸੰਭਵ ਨਹੀਂ। ਗਰੀਨ ਪਾਰਟੀ ਦੇ ਆਗੂ ਮਾਈਕ ਸ਼ਰੀਨਰ ਨੇ ਕਿਹਾ ਕਿ ਨਸ਼ਾ ਕਰ ਕੇ ਡਰਾਈਵਿੰਗ ਰੋਕਣ ਵਾਸਤੇ ਹਰ ਸੰਭਵ ਕਦਮ ਉਠਾਇਆ ਜਾਵੇ ਅਤੇ ਜੇ ਨਵਾਂ ਕਾਨੂੰਨ ਵੀ ਇਕ ਰਾਹ ਬਣਦਾ ਹੈ ਤਾਂ ਚੰਗਾ ਹੋਵੇਗਾ। ਪਰ ਕੌਰਨਰ ਸਟੋਰਜ਼ ’ਤੇ ਵਿਕ ਰਹੀ ਸ਼ਰਾਬ ਹਰ ਸੁਰੱਖਿਆ ਮਾਪਦੰਡ ਦੀਆਂ ਧੱਜੀਆਂ ਉਡਾ ਰਹੀ ਹੈ।
ਉਨਟਾਰੀਓ ਵਿਚ ਲਿਆਂਦਾ ਜਾ ਰਿਹਾ ਨਵਾਂ ਕਾਨੂੰਨ
ਇਸੇ ਦੌਰਾਨ ਲਿਬਰਲ ਵਿਧਾਇਕ ਜੌਹਨ ਫਰੇਜ਼ਰ ਨੇ ਆਖਿਆ ਕਿ ਮਾਸੂਮ ਲੋਕਾਂ, ਖਾਸ ਤੌਰ ’ਤੇ ਬਗੈਰ ਬੀਮੇ ਵਾਲਿਆਂ ਨੂੰ ਸ਼ਰਾਬੀ ਡਰਾਈਵਰਾਂ ਤੋਂ ਬਚਾਉਣ ਲਈ ਸੂਬਾ ਸਰਕਾਰ ਕਮਜ਼ੋਰ ਉਪਰਾਲੇ ਕਰ ਰਹੀ ਹੈ। ਫਰੇਜ਼ਰ ਨੇ ਦਾਅਵਾ ਕੀਤਾ ਕਿ ਸੂਬਾ ਸਰਕਾਰ ਵੱਲੋਂ ਸਕਿਲਜ਼ ਡਿਵੈਲਪਮੈਂਟ ਫੰਡ ਨਾਲ ਸਬੰਧਤ ਘਪਲੇ ਤੋਂ ਧਿਆਨ ਵੰਡਾਉਣ ਲਈ ਤਾਜ਼ਾ ਐਲਾਨ ਕੀਤਾ ਗਿਆ ਹੈ। ਦੱਸ ਦੇਈਏ ਕਿ ਨਵਾਂ ਕਾਨੂੰਨ ਸ਼ਰਾਬ ਜਾਂ ਕਿਸੇ ਵੀ ਕਿਸਮ ਦਾ ਹੋਰ ਨਸ਼ਾ ਕਰ ਕੇ ਡਰਾਈਵਿੰਗ ਕਰਨ ਵਾਲਿਆਂ ’ਤੇ ਲਾਗੂ ਹੋਵੇਗਾ ਅਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਇਸ ਦਾ ਸਵਾਗਤ ਕੀਤਾ ਗਿਆ ਹੈ। ਮਦਰਜ਼ ਅਗੇਂਸਟ ਡ੍ਰੰਕ ਡਰਾਈਵਿੰਗ ਦੀ ਕੌਮੀ ਪ੍ਰਧਾਨ ਤਾਨਯਾ ਹੈਨਸਨ ਨੇ ਆਪਣੀ ਮਿਸਾਲ ਪੇਸ਼ ਕੀਤੀ ਕਿ ਕਿਵੇਂ ਇਕ ਸ਼ਰਾਬੀ ਡਰਾਈਵਰ ਨੇ ਉਨ੍ਹਾਂ ਦੀ ਮਾਂ ਨੂੰ ਸਦਾ ਵਾਸਤੇ ਦੂਰ ਕਰ ਦਿਤਾ। ਭਾਵੇਂ ਉਸ ਵੇਲੇ ਤਾਨਯਾ ਦੀ ਉਮਰ ਬਹੁਤ ਘੱਟ ਨਹੀਂ ਸੀ ਪਰ ਮਾਂ ਦੇ ਵਿਛੋੜੇ ਅਤੇ ਆਰਥਿਕ ਸਹਾਇਤਾ ਖੁੱਸ ਜਾਣ ਕਰ ਕੇ ਵੱਡਾ ਝਟਕਾ ਲੱਗਾ। ਉਨਟਾਰੀਓ ਸਰਕਾਰ ਦੇ ਅੰਕੜਿਆਂ ਮੁਤਾਬਕ 2021 ਵਿਚ ਸੂਬੇ ਦੀਆਂ ਸੜਕਾਂ ’ਤੇ ਸ਼ਰਾਬੀ ਡਰਾਈਵਰ 96 ਮੌਤਾਂ ਦਾ ਕਾਰਨ ਬਣੇ ਜਦਕਿ 86 ਮੌਤਾਂ ਹੋਰਨਾਂ ਨਸ਼ਿਆਂ ਕਰ ਕੇ ਹੋਈਆਂ। ਦੱਸ ਦੇਈਏ ਕਿ ਅਮਰੀਕਾ ਦੇ ਟੈਕਸਸ ਸੂਬੇ ਵਿਚ ਬਿਲਕੁਲ ਅਜਿਹਾ ਹੀ ਕਾਨੂੰਨ ਲਾਗੂ ਹੈ ਜਿਥੇ ਨਸ਼ਾ ਕਰ ਕੇ ਡਰਾਈਵਿੰਗ ਕਰਦਿਆਂ ਮੌਤ ਦਾ ਕਾਰਨ ਬਣਨ ਵਾਲਿਆਂ ਨੂੰ ਬੱਚੇ ਦੀ ਉਮਰ 18 ਸਾਲ ਹੋਣ ਤੱਕ ਖਰਚਾ ਦੇਣਾ ਪੈਂਦਾ ਹੈ।














