ਟੋਰਾਂਟੋ, 29 ਜੂਨ

ਕੈਨੇਡਾ ਦੀ ਵਾਟਰਲੂ ਯੂਨੀਵਰਸਿਟੀ ਦੀ ਜਮਾਤ ਵਿੱਚ ਤਿੰਨ ਵਿਅਕਤੀਆਂ ਨੂੰ ਚਾਕੂ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਵਿਅਕਤੀ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਪੁਲੀਸ ਨੇ ਦੱਸਿਆ ਕਿ ਇਹ ਹਮਲਾ ਵਾਟਰਲੂ ਯੂਨੀਵਰਸਿਟੀ ਦੇ ਹੇਗੀ ਹਾਲ ਵਿੱਚ ਹੋਇਆ। ਫੌਰੀ ਤੌਰ ‘ਤੇ ਪਤਾ ਨਹੀਂ ਲੱਗਿਆ ਕਿ ਜ਼ਖਮੀਆਂ ਨੂੰ ਕਿੰਨੀ ਸੱਟਾਂ ਲੱਗੀਆਂ ਹਨ। ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਮਾਮਲੇ ‘ਚ ਇਕ ਵਿਅਕਤੀ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਹਮਲੇ ਦੇ ਪਿੱਛੇ ਕਾਰਨ ਦਾ ਪਤਾ ਨਹੀਂ ਲੱਗਿਆ। ਵਾਟਰਲੂ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਯੂਸਫ਼ ਕਾਯਮਾਕ ਨੇ ਦੱਸਿਆ ਕਿ ਹਮਲਾ ਲਿੰਗ ਅਧਿਐਨ ਜਮਾਤ ਵਿੱਚ ਹੋਇਆ। ਹਮਲੇ ਦੇ ਸਮੇਂ ਜਮਾਤ ’ਚ 40 ਵਿਦਿਆਰਥੀ ਮੌਜੂਦ ਸਨ। ਵਾਟਰਲੂ ਯੂਨੀਵਰਸਿਟੀ ਨੇ ਟਵਿੱਟਰ ‘ਤੇ ਜਾਣਕਾਰੀ ਦਿੱਤੀ ਕਿ ਉਹ ਜਾਂਚ ਵਿੱਚ ਪੁਲੀਸ ਦੀ ਮਦਦ ਕਰ ਰਹੀ ਹੈ ਅਤੇ ਕੈਂਪਸ ਵਿੱਚ ਮੌਜੂਦ ਵਿਅਕਤੀਆਂ ਨੂੰ ਹੁਣ ਕੋਈ ਖ਼ਤਰਾ ਨਹੀਂ ਹੈ।