ਓਨਟਾਰੀਓ— ਬੀਤੇ ਵੀਰਵਾਰ 24 ਮਈ ਨੂੰ ਕੈਨੇਡਾ ਦੇ ਸੂਬੇ ਓਨਟਾਰੀਓ ਦੇ ਸ਼ਹਿਰ ਮਿਸੀਸਾਗਾ ‘ਚ ਇਕ ਭਾਰਤੀ ਰੈਸਟੋਰੈਂਟ ਬਾਂਬੇ ਬੇਲ ‘ਚ ਬੰਬ ਧਮਾਕਾ ਹੋਇਆ। ਇਸ ਧਮਾਕੇ ‘ਚ 15 ਲੋਕ ਜ਼ਖਮੀ ਹੋਏ ਸਨ। ਇਹ ਬੰਬ ਧਮਾਕਾ ਦੋ ਸ਼ੱਕੀਆਂ ਨੇ ਕੀਤਾ ਸੀ। ਪੁਲਸ ਅਜੇ ਵੀ ਸ਼ੱਕੀਆਂ ਦੀ ਭਾਲ ‘ਚ ਜੁੱਟੀ ਹੋਈ ਹੈ। ਮੰਗਲਵਾਰ ਨੂੰ ਪੀਲ ਰੀਜਨਲ ਪੁਲਸ ਦੇ ਸਬ-ਇੰਸਪੈਕਟਰ ਰੌਬ ਰਿਆਨ ਨੇ ਕਿਹਾ ਕਿ ਧਮਾਕੇ ਦੇ ਪਿੱਛੇ ਦੋ ਸ਼ੱਕੀਆਂ ਦਾ ਹੱਥ ਦਾ ਹੈ, ਜਿਨ੍ਹਾਂ ‘ਚੋਂ ਇਕ ਔਰਤ ਹੋ ਸਕਦੀ ਹੈ।ਰਿਆਨ ਨੇ ਦੱਸਿਆ ਕਿ ਰੈਸਟੋਰੈਂਟ ਦੇ ਅੰਦਰ ਧਮਾਕਾ ਵਿਸਫੋਟਕ ਯੰਤਰ ਆਈ. ਈ. ਡੀ. ਨਾਲ ਕੀਤਾ ਗਿਆ ਅਤੇ ਸ਼ੱਕੀ ਧਮਾਕਾ ਕਰਨ ਮਗਰੋਂ ਉੱਥੋਂ ਫਰਾਰ ਹੋ ਗਏ। ਇਹ ਧਮਾਕਾ ਵੀਰਵਾਰ ਦੀ ਰਾਤ ਤਕਰੀਬਨ 10.30 ਵਜੇ ਕੀਤਾ ਗਿਆ। ਧਮਾਕਾ ਹੁਰੋਂਟਾਰੀਓ ਸਟਰੀਟ ਅਤੇ ਐਗਲਿੰਗਟਨ ਐਵੇਨਿਊ ਈਸਟ ਇਲਾਕੇ ਵਿਚ ਸਥਿਤ ਬਾਂਬੇ ਬੇਲ ਰੈਸਟੋਰੈਂਟ ‘ਚ ਕੀਤਾ ਗਿਆ। ਪੁਲਸ ਅਧਿਕਾਰੀ ਰਿਆਨ ਨੇ ਦੱਸਿਆ ਕਿ ਜਿਸ ਸਮੇਂ ਰੈਸਟੋਰੈਂਟ ‘ਚ ਧਮਾਕਾ ਕੀਤਾ ਗਿਆ, ਉਸ ਸਮੇਂ ਅੰਦਰ ਲੱਗਭਗ 30 ਲੋਕ ਮੌਜੂਦ ਸਨ। ਧਮਾਕੇ ‘ਚ 15 ਲੋਕ ਜ਼ਖਮੀ ਹੋਏ, ਜਿਨ੍ਹਾਂ ‘ਚੋਂ 3 ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ। ਜਾਂਚਕਰਤਾਵਾਂ ਨੇ ਐਤਵਾਰ ਨੂੰ ਧਮਾਕੇ ਸੰਬੰਧੀ ਸਾਰਾ ਵਿਸ਼ਲੇਸ਼ਣ ਦਾ ਕੰਮ ਪੂਰਾ ਕਰ ਲਿਆ ਹੈ। ਰਿਆਨ ਨੇ ਕਿਹਾ ਕਿ ਘਟਨਾ ਦੇ ਪਿੱਛੇ ਦਾ ਉਦੇਸ਼ ਕੀ ਸੀ, ਇਹ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ। ਅਜੇ ਤੱਕ ਇਸ ਧਮਾਕੇ ਦੀ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਹਾਲਾਂਕਿ ਧਮਾਕਾ ਕਰਨ ਵਾਲੇ ਦੋ ਸ਼ੱਕੀ ਕੈਮਰੇ ‘ਚ ਕੈਦ ਹੋ ਗਏ ਹਨ, ਜਿਨ੍ਹਾਂ ਨੇ ਮੂੰਹ ਢੱਕੇ ਹੋਏ ਸਨ। ਰਿਆਨ ਨੇ ਕਿਹਾ ਕਿ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਦੋ ਸ਼ੱਕੀਆਂ ‘ਚੋਂ ਇਕ ਔਰਤ ਹੋ ਸਕਦੀ ਹੈ ਪਰ ਉਹ ਇਸ ਜਾਣਕਾਰੀ ਦੀ ਪੂਰੀ ਤਰ੍ਹਾਂ ਪੁਸ਼ਟੀ ਨਹੀਂ ਹੋਈ ਹੈ।