ਸਸਕਾਟੂਨ : ਸਰਕਾਰ ਨੂੰ ਕਈ ਸਾਲਾਂ ਤੱਕ ਲਗਾਤਾਰ ਪਟੀਸ਼ਨ ਕਰਨ ਤੋਂ ਬਾਅਦ ਕੋਲੰਬੀਆ ਵਿੱਚ ਪੈਦਾ ਹੋਈ ਇੱਕ ਮਹਿਲਾ ਨੂੰ ਸ਼ੁੱਕਰਵਾਰ ਨੂੰ ਡੀਪੋਰਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਅਜਿਹਾ ਕੀਤੇ ਜਾਣ ਨਾਲ ਉਹ ਆਪਣੇ ਕੈਨੇਡਾ ਵਿੱਚ ਪੈਦਾ ਹੋਈ 4 ਸਾਲ ਦੀ ਬੱਚੀ ਤੋਂ ਦੂਰ ਹੋ ਜਾਵੇਗੀ।
ਡਾਇਨਾ ਪਾਰਾ ਬੇਡੋਆ ਨੇ ਦੱਸਿਆ ਕਿ ਉਸ ਲਈ ਇਹ ਬਹੁਤ ਔਖੀ ਘੜੀ ਹੈ ਕਿਉਂਕਿ ਛੇ ਸਾਲਾਂ ਤੋ ਉਹ ਕੋਲੰਬੀਆ ਨਹੀਂ ਗਈ ਤੇ ਉਸ ਦੀ ਇੱਥੇ ਵਧੀਆ ਜਿੰ਼ਦਗੀ ਹੈ।
ਉਸ ਦੇ ਇਮੀਗ੍ਰੇਸ਼ਨ ਵਕੀਲ ਵੱਲੋਂ ਡੀਪੋਰਟੇਸ਼ਨ ਸਬੰਧੀ ਇਨ੍ਹਾਂ ਹੁਕਮਾਂ ਉੱਤੇ ਸਟੇਅ ਲੈਣ ਲਈ ਫੈਡਰਲ ਅਦਾਲਤ ਵਿੱਚ ਅਪੀਲ ਦਾਇਰ ਕੀਤੀ ਜਾ ਰਹੀ ਹੈ। ਬੇਡੋਆ ਨੇ ਆਖਿਆ ਕਿ ਜੇ ਉਹ ਵਾਪਿਸ ਜਾਂਦੀ ਹੈ ਤਾਂ ਉਸ ਕੋਲ ਕੁੱਝ ਨਹੀਂ ਹੋਵੇਗਾ ਤੇ ਉਸ ਨੂੰ ਇਹ ਵੀ ਪਤਾ ਨਹੀਂ ਕਿ ਉਹ ਕਦੋਂ ਇੱਧਰ ਪਰਤ ਸਕੇਗੀ। ਉਸ ਨੇ ਆਖਿਆ ਕਿ ਉੱਧਰ ਉਸ ਨੂੰ ਆਪਣੀ ਸੇਫਟੀ ਨੂੰ ਲੈ ਕੇ ਵੀ ਖਤਰਾ ਹੈ ਤੇ ਉਹ ਆਪਣੀ ਨਿੱਕੀ ਧੀ ਨਾਲ ਵੀ ਰਹਿਣਾ ਚਾਹੁੰਦੀ ਹੈ। ਉਸ ਨੇ ਆਖਿਆ ਕਿ ਉਸ ਨੂੰ ਆਸ ਹੈ ਕਿ ਉਹ ਆਪਣੀ ਬੇਟੀ ਨਾਲ ਰਹਿ ਸਕੇ।
ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐਸਏ) ਦੇ ਡਾਟਾ ਅਨੁਸਾਰ 2020 ਵਿੱਚ ਕੈਨੇਡਾ ਤੋਂ 12,122 ਲੋਕਾਂ ਨੂੰ ਹਟਾਇਆ ਗਿਆ। ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 875 ਜਿ਼ਆਦਾ ਸਨ ਤੇ 2015 ਤੋਂ ਲੈ ਕੇ ਪਿਛਲੇ ਸਾਲ ਤੱਕ ਇਹ ਅੰਕੜਾ ਸੱਭ ਤੋਂ ਵੱਧ ਸੀ। ਬੇਡੋਆ ਮੁਤਾਬਕ ਆਪਣੇ ਦੇਸ਼ ਵਿੱਚ ਹਿੰਸਾ ਤੋਂ ਬਚਣ ਲਈ ਉਹ 2014 ਵਿੱਚ ਕੈਨੇਡਾ ਆਈ ਤੇ ਇੱਥੇ ਆ ਕੇ ਹੀ ਉਸ ਨੇ ਆਪਣੀ ਬੱਚੀ ਨੂੰ ਜਨਮ ਦਿੱਤਾ।ਉਸ ਨੇ ਆਖਿਆ ਕਿ ਉਸ ਦੀ ਬੱਚੀ ਵੀ ਇੱਥੇ ਹੀ ਪਲੀ ਵੱਡੀ ਹੋਈ ਹੈ। ਉਸ ਕੋਲ ਕੋਲੰਬੀਆ ਦਾ ਪਾਸਪੋਰਟ ਵੀ ਨਹੀਂ ਹੈ ਤੇ ਹੁਣ ਉਸ ਦੀ ਕਸਟਡੀ ਹਾਸਲ ਕਰਨਾ ਵੀ ਔਖਾ ਹੈ। ਉਸ ਨੇ ਦੱਸਿਆ ਕਿ ਬੱਚੀ ਦਾ ਪਿਤਾ, ਜੋ ਕਿ ਕੈਨੇਡਾ ਦਾ ਪੱਕਾ ਵਾਸੀ ਹੈ, ਤੋਂ ਵੀ ਉਹ ਕਈ ਸਾਲਾਂ ਤੋਂ ਵੱਖ ਰਹਿ ਰਹੀ ਹੈ।
ਦਸੰਬਰ 2019 ਤੋਂ ਬੇਡੋਆ ਆਪਣੀ ਬੱਚੀ ਨਾਲ ਸੇਂਟ ਕੈਥਰੀਨਜ਼,ਂਓਨਟਾਰੀਓ ਵਿੱਚ ਆਪਣੇ ਕਾਮਨ ਲਾਅ ਕੈਨੇਡੀਅਨ ਪਾਰਟਨਰ ਨਾਲ ਰਹਿ ਰਹੀ ਹੈ। ਇਹ ਜੋੜਾ ਲੰਮੇਂ ਸਮੇਂ ਤੋਂ ਬੇਡੋਆ ਦੇ ਕੈਨੇਡਾ ਵਿੱਚ ਹੀ ਰਹਿਣ ਤੇ ਉਸ ਦੀ ਪਰਮਾਨੈਂਟ ਰੈਜ਼ੀਡੈਂਸੀ ਦੀ ਲੜਾਈ ਲੜ ਰਿਹਾ ਹੈ।ਪਰ 17 ਫਰਵਰੀ ਨੂੰ ਕੈਨੇਡਾ ਦੀ ਬਾਰਡਰ ਸਰਵਿਸਿਜ਼ ਏਜੰਸੀ ਨੇ ਉਸ ਨੂੰ ਦੱਸਿਆ ਕਿ ਉਸ ਦਾ ਸਮਾਂ ਪੂਰਾ ਹੋ ਗਿਆ ਹੈ ਤੇ ਉਸ ਨੂੰ ਇਸ ਸ਼ੁੱਕਰਵਾਰ ਡੀਪੋਰਟ ਕੀਤਾ ਜਾ ਰਿਹਾ ਹੈ।
ਦੂਜੇ ਪਾਸੇ ਸੀਬੀਐਸਏ ਦੇ ਬੁਲਾਰੇ ਨੇ ਇੱਕ ਈਮੇਲ ਰਾਹੀਂ ਦੱਸਿਆ ਕਿ ਏਜੰਸੀ ਪ੍ਰਾਈਵੇਸੀ ਐਕਟ ਨਾਲ ਬੱਝੀ ਹੈ ਤੇ ਇਮੀਗ੍ਰੇਸ਼ਨ ਦਾ ਵੇਰਵਾ ਇਸ ਤਰ੍ਹਾਂ ਜ਼ਾਹਰ ਨਹੀਂ ਕੀਤਾ ਜਾ ਸਕਦਾ।