ਡੇਢ ਘੰਟੇ ਦੇ ਫਰਕ ਨਾਲ ਹੋਏ ਦੋ ਧਮਾਕੇ

ਵੈਨਕੂਵਰ : ਉੱਤਰੀ ਵੈਨਕੂਵਰ ਹਲਕੇ ਤੋਂ ਵਿਧਾਇਕਾ ਤੇ ਸੂਬਾ ਸਰਕਾਰ ਦੀ ਬੁਨਿਆਦੀ ਢਾਂਚਾ ਮੰਤਰੀ ਬੌਵਿਨ ਮਾ (Bowinn Ma) ਦੇ ਸਰਕਾਰੀ ਦਫਤਰ ਦੇ ਬਾਹਰ ਧਮਾਕਾ ਹੋਇਆ, ਜਿਸ ਕਾਰਨ ਦਫਤਰ ਦੀ ਇਮਾਰਤ ਨੁਕਸਾਨੀ ਗਈ ਹੈ। ਇਸ ਦੌਰਾਨ ਦਫਤਰ ਖਾਲੀ ਹੋਣ ਕਰਕੇ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਕੇਂਦਰੀ ਪੁਲੀਸ ਦੇ ਕਾਰਪੋਰਲ ਮਨਸੂਰ ਸਾਹਕ ਅਨੁਸਾਰ ਕਰੀਬ ਪੌਣੇ ਤਿੰਨ ਵਜੇ ਇੱਕ ਧਮਾਕੇ ਦੀ ਅਵਾਜ਼ ਸੁਣਾਈ ਦਿੱਤੀ ਪਰ ਧਮਾਕੇ ਦੀ ਅਸਲ ਥਾਂ ਬਾਰੇ ਪਤਾ ਨਹੀ ਲੱਗ ਸਕਿਆ। ਉਨ੍ਹਾਂ ਦੱਸਿਆ ਕਿ ਕਰੀਬ ਡੇਢ ਘੰਟੇ ਬਾਅਦ ਪੁਲੀਸ ਨੂੰ ਵਿਧਾਇਕਾ ਦੇ ਦਫਤਰ ਦੇ ਬਾਹਰ ਧਮਾਕਾ ਕੀਤੇ ਜਾਣ ਦੀ ਸੂਚਨਾ ਮਿਲੀ।
ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਨੂੰ ਧਮਾਕਾ ਕਿਸੇ ਯੰਤਰ ਨਾਲ ਕੀਤੇ ਜਾਣ ਦੇ ਸਬੂਤ ਮਿਲੇ ਹਨ। ਇਸ ਕਾਰਨ ਦਫਤਰ ਦੇ ਸ਼ੀਸ਼ੇ ਟੁੱਟ ਗਏ। ਹੁਣ ਤੱਕ ਦੀ ਜਾਂਚ ਦੌਰਾਨ ਅਧਿਕਾਰੀ ਇਸ ਧਮਾਕੇ ਦੇ ਇਰਾਦੇ ਅਤੇ ਵਿਅਕਤੀਆਂ ਦੀ ਪਛਾਣ ਦਾ ਪਤਾ ਲਾਉਣ ਵਿੱਚ ਸਫਲ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।

ਬੌਵਿਨ ਮਾ ਨੇ ਇਸ ਮੰਦਭਾਗੀ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਦਾ ਸੁਰੱਖਿਆ ਦਸਤਾ ਵੀ ਵਿਕਟੋਰੀਆ ਤੋਂ ਮੌਕੇ ਤੇ ਪਹੁੰਚ ਗਿਆ ਹੈ, ਜੋ ਸਥਾਨਕ ਪੁਲੀਸ ਨਾਲ ਜਾਂਚ ਵਿਚ ਸਹਿਯੋਗ ਕਰ ਰਿਹਾ ਹੈ।