ਵੈਨਕੂਵਰ, 19 ਸਤੰਬਰ

ਕੈਨੇਡਾ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਗੈਂਗ ਹਿੰਸਾ ਦੀ ਭੇਟ ਚੜ੍ਹ ਗਿਆ। ਪੁਲੀਸ ਅਨੁਸਾਰ ਕਾਤਲਾਂ ਨੇ ਖਾਸ ਸੂਹ ਦੇ ਆਧਾਰ ’ਤੇ ਬਰਨਬੀ ਦੀ ਨਾਰਥ ਰੋਡ ਸਥਿਤ ਜ਼ਮੀਨਦੋਜ਼ ਪਾਰਕਿੰਗ ਵਿੱਚ ਜਾ ਕੇ ਐਬਟਸਫੋਰਡ ਦੇ ਰਹਿਣ ਵਾਲੇ ਗਗਨਦੀਪ ਸੰਧੂ (29) ਨੂੰ ਗੋਲੀਆਂ ਮਾਰੀਆਂ ਅਤੇ ਉਸ ਦੀ ਮੌਕੇ ’ਤੇ ਮੌਤ ਹੋ ਗਈ। ਕਤਲ ਸਬੰਧੀ ਜਾਂਚ ਕਰਨ ਵਾਲੀ ਟੀਮ ਦੇ ਬੁਲਾਰੇ ਸਾਰਜੈਂਟ ਟਿਮੋਥੀ ਪਾਇਰੋਟੀ ਅਨੁਸਾਰ ਮੌਕੇ ਤੋਂ ਮਿਲੇ ਸਬੂਤ ਮਿਥ ਕੇ ਮਾਰੇ ਜਾਣ ਦੀ ਗਵਾਹੀ ਭਰਦੇ ਹਨ। ਕਤਲ ਤੋਂ ਥੋੜ੍ਹੀ ਦੂਰ ਜਾ ਕੇ ਕਾਲੇ ਰੰਗ ਦੀ ਹਾਂਡਾ ਪਾਇਲਟ ਕਾਰ ਨੂੰ ਅੱਗ ਲਾਉਣਾ ਗੈਂਗ ਹਿੰਸਾ ਦਾ ਸੰਕੇਤ ਹੈ ਪਰ ਕਾਤਲਾਂ ਦੀ ਪਛਾਣ ਦੇ ਠੋਸ ਸਬੂਤ ਅਜੇ ਪੁਲੀਸ ਦੇ ਹੱਥ ਨਹੀਂ ਲੱਗੇ। ਪੁਲੀਸ ਮ੍ਰਿਤਕ ਦੇ ਪਿਛੋਕੜ ਦੀ ਜਾਂਚ ਵੀ ਕਰ ਰਹੀ ਹੈ।