ਗੈਂਗਸਟਰਾਂ ਦੇ ਆਉਣ ਦਾ ਪੈ ਗਿਆ ਰੌਲਾ
ਸਰੀ : ਕੈਨੇਡਾ ਵਿਚ ਭਾਰਤੀ ਪਰਵਾਰ ਦੇ ਵਿਆਹ ਸਮਾਗਮ ਦੌਰਾਨ ਮਾਮੂਲੀ ਗੱਲ ਤੋਂ ਸ਼ੁਰੂ ਹੋਇਆ ਝਗੜਾ ਐਨਾ ਵਧ ਗਿਆ ਕਿ ਗੋਲੀਆਂ ਚੱਲ ਗਈਆਂ ਅਤੇ ਰੌਲਾ ਇਹ ਪੈ ਗਿਆ ਕਿ ਜਬਰੀ ਵਸੂਲ ਕਰਨ ਵਾਲਿਆਂ ਨੇ ਸਰੀ ਦੇ ਇਕ ਹੋਰ ਕਾਰਬਾਰੀ ਨੂੰ ਨਿਸ਼ਾਨਾ ਬਣਾਇਆ ਹੈ। ਖੁਦ ਬੈਂਕੁਇਟ ਹਾਲ ਦੇ ਮਾਲਕ ਨੇ ਵੀ ਤਸਦੀਕ ਕਰ ਦਿਤੀ ਕਿ ਵੈਡਿੰਗ ਰਿਸੈਪਸ਼ਨ ਦੌਰਾਨ ਗੋਲੀਬਾਰੀ ਦਾ ਐਕਸਟੌਰਸ਼ਨ ਕਾਲਜ਼ ਨਾਲ ਕੋਈ ਸਬੰਧ ਨਹੀਂ ਅਤੇ ਘਟਨਾ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ। ਹੈਰਾਨੀ ਇਸ ਗੱਲ ਦੀ ਹੈ ਕਿ ਬੈਂਕੁਇਟ ਹਾਲ ਦਾ ਮਾਲਕ ਵੀ ਫਿਰੌਤੀ ਮੰਗਣ ਵਾਲਿਆਂ ਦੀ ਹਿਟ ਲਿਸਟ ਵਿਚ ਹੈ ਅਤੇ ਕੁਝ ਹਫ਼ਤੇ ਪਹਿਲਾਂ ਉਸ ਨਾਲ ਸਬੰਧਤ ਟਿਕਾਣੇ ’ਤੇ ਗੋਲੀਆਂ ਵੀ ਚੱਲ ਚੁੱਕੀਆਂ ਹਨ।
ਅਣਪਛਾਤੇ ਗੈਂਗਸਟਰਾਂ ਵੱਲੋਂ ਉਸ ਨੂੰ ਕਾਲ ਕਰ ਕੇ ਲੱਖਾਂ ਡਾਲਰ ਦੀ ਫਿਰੌਤੀ ਮੰਗੀ ਜਾ ਰਹੀ ਹੈ ਅਤੇ ਸਰੀ ਪੁਲਿਸ ਕਾਲ ਕਰਨ ਵਾਲਿਆਂ ਦੀ ਪੈੜ ਨੱਪਣ ਦੇ ਯਤਨਾਂ ਵਿਚ ਹੈ। ਇਥੇ ਦਸਣਾ ਬਣਦਾ ਹੈ ਕਿ ਵਿਆਹ ਸਮਾਗਮ ਦੌਰਾਨ ਗੋਲੀਬਾਰੀ ਦੀ ਵਾਰਦਾਤ ਅਜਿਹੇ ਸਮੇਂ ਸਾਹਮਣੇ ਆਈ ਜਦੋਂ ਪੁਲਿਸ ਵੱਲੋਂ ਸਾਊਥ ਏਸ਼ੀਅਨ ਕਾਰੋਬਾਰੀਆਂ ਨੂੰ ਆਈਆਂ ਘੱਟੋ ਘੱਟ 10 ਧਮਕੀਆਂ ਦੀ ਸਰਗਰਮੀ ਨਾਲ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਸਮੱਸਿਆ ਸਰੀ ਤੱਕ ਸੀਮਤ ਨਹੀਂ ਅਤੇ ਬੀ.ਸੀ. ਦੇ ਪ੍ਰਮੁੱਖ ਸ਼ਹਿਰਾਂ ਵਿਚ ਵਸਦੇ ਸਾਊਥ ਏਸ਼ੀਅਨ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਬੀਤੇ ਜੂਨ ਮਹੀਨੇ ਦੌਰਾਨ ਐਬਸਫੋਰਡ ਦੇ ਸਤਵਿੰਦਰ ਸ਼ਰਮਾ ਦਾ ਸਰੀ ਦੇ ਫਲੀਟਵੁੱਡ ਇਲਾਕੇ ਵਿਚ ਕਤਲ ਕਰ ਦਿਤਾ ਗਿਆ ਜਦਕਿ ਜੂਨ ਦੇ ਪਹਿਲੇ ਹਫ਼ਤੇ ਰਿਫਲੈਕਸ਼ਨ ਬੈਂਕੁਇਟ ਹਾਲ ’ਤੇ ਗੋਲੀਆਂ ਚਲਾਉਣ ਦੀ ਜ਼ਿੰਮੇਵਾਰੀ ਗੋਲਡੀ ਢਿੱਲੋਂ ਨਾਂ ਦੇ ਗੈਂਗਸਟਰ ਨੇ ਲਈ ਜੋ ਖੁਦ ਨੂੰ ਲਾਰੈਂਸ ਬਿਸ਼ਨੋਈ ਗਿਰੋਹ ਦਾ ਮੈਂਬਰ ਦੱਸ ਰਿਹਾ ਹੈ।
ਸੋਸ਼ਲ ਮੀਡੀਆ ਪੋਸਟ ਵਿਚ ਇਸ ਗੱਲ ਦਾ ਖਾਸ ਤੌਰ ’ਤੇ ਜ਼ਿਕਰ ਕੀਤਾ ਗਿਆ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ ਦੀ ਕਿਸੇ ਧਰਮ ਵਿਸ਼ੇਸ਼ ਨਾਲ ਕੋਈ ਰੰਜਿਸ਼ ਨਹੀਂ ਕੱਢੀ ਜਾ ਰਹੀ ਪਰ ਸਤੀਸ਼ ਕੁਮਾਰ ਵਰਗਿਆਂ ਨੂੰ ਸਿੱਧਾ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ਪੋਸਟ ਗੋਲਡੀ ਢਿੱਲੋਂ ਨੇ ਲਿਖਿਆ ਕਿ ਮੰਦਰ ਜਾਂ ਗੁਰੂ ਘਰ ਦੀ ਆੜ ਵਿਚ ਪੈਸਾ ਕਮਾਉਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਥੋਂ ਤੱਕ ਕਿ ਲੋਕਾਂ ਨੂੰ ਚਿਤਾਵਨੀ ਭਰੇ ਲਹਿਜ਼ੇ ਵਿਚ ਰਿਫਲੈਕਸ਼ਨਜ਼ ਬੈਂਕੁਇਟ ਹਾਲ ਅਤੇ ਸਤੀਸ਼ ਕੁਮਾਰ ਦੇ ਕਿਸੇ ਵੀ ਕਾਰੋਬਾਰੀ ਤੋਂ ਦੂਰ ਰਹਿਣ ਲਈ ਆਖਿਆ ਗਿਆ ਹੈ। ਦੂਜੇ ਪਾਸੇ ਸਤੀਸ਼ ਕੁਮਾਰ ਦਾ ਕਹਿਣਾ ਹੈ ਕਿ ਐਕਸਟੌਰਸ਼ਨ ਕਾਲਜ਼ ਬਾਰੇ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਨੰਬਰ ਬਲੌਕ ਕਰਨ ਵਾਸਤੇ ਆਖਿਆ ਪਰ ਨੰਬਰ ਬਲੌਕ ਕਰਨ ਤੋਂ ਬਾਅਦ ਹੋਰਨਾਂ ਨੰਬਰਾਂ ਤੋਂ ਕਾਲਜ਼ ਜਾਂ ਮੈਸੇਜ ਆਉਣੇ ਸ਼ੁਰੂ ਹੋ ਗਏ।