ਓਟਵਾ, 18 ਦਸੰਬਰ  : ਕੈਨੇਡਾ ਨੇ 10 ਦੇਸ਼ਾਂ ਉੱਤੇ ਲਾਈ ਗਈ ਟਰੈਵਲ ਪਾਬੰਦੀ ਹਟਾ ਦਿੱਤੀ ਹੈ ਕਿਉਂਕਿ ਇਹ ਸਿੱਧ ਹੋ ਚੁੱਕਿਆ ਹੈ ਕਿ ਦੁਨੀਆ ਭਰ ਦੇ ਕਈ ਦੇਸ਼ਾਂ ਵਿੱਚ ਓਮਾਈਕ੍ਰੌਨ ਵੇਰੀਐਂਟ ਦਾ ਕਮਿਊਨਿਟੀ ਟਰਾਂਸਮਿਸ਼ਨ ਹੋ ਰਿਹਾ ਹੈ।
ਸਿਹਤ ਮੰਤਰੀ ਜੀਨ ਯਵੇਸ ਡਕਲਸ ਨੇ ਇਹ ਐਲਾਨ ਵੀ ਕੀਤਾ ਹੁਣ ਹਰੇਕ ਤਰ੍ਹਾਂ ਦੇ ਟਰਿੱਪ ਲਈ ਪੀਸੀਆਰ ਟੈਸਟਿੰਗ ਲਾਜ਼ਮੀ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਇੱਥੇ ਆਉਣ ਤੋਂ ਪਹਿਲਾਂ ਇਹ ਟੈਸਟ ਉਸ ਦੇਸ਼ ਤੋਂ ਕਰਵਾਕੇ ਆਉਣਾ ਹੋਵੇਗਾ ਜਿੱਥੋਂ ਕੋਈ ਵੀ ਟਰੈਵਲਰ ਕੈਨੇਡਾ ਆ ਰਿਹਾ ਹੈ। ਡਕਲਸ ਨੇ ਇਹ ਵੀ ਆਖਿਆ ਕਿ ਪਹਿਲਾਂ ਇਹ ਸ਼ਰਤ 72 ਘੰਟੇ ਤੋਂ ਘੱਟ ਵਾਲੇ ਟਰਿੱਪ ਲਈ ਘਟਾ ਦਿੱਤੀ ਗਈ ਸੀ ਪਰ ਹੁਣ ਹਾਲਾਤ ਤੇਜ਼ੀ ਨਾਲ ਵਿਗੜ ਰਹੇ ਹਨ ਤੇ ਟਰੈਵਲ ਕਰਨ ਦਾ ਇਹ ਕੋਈ ਸਮਾਂ ਨਹੀਂ ਹੈ।
ਇਸ ਤੋਂ ਪਹਿਲਾਂ ਵਿਦੇਸ਼ੀ ਨਾਗਰਿਕਾਂ ਦੇ ਕੈਨੇਡਾ ਦਾਖਲ ਹੋਣ ਉੱਤੇ ਰੋਕ ਲਾਈ ਗਈ ਸੀ ਜਿਹੜੇ ਪਿਛਲੇ ਦੋ ਹਫਤਿਆਂ ਵਿੱਚ ਨਾਈਜੀਰੀਆ, ਮਾਲਾਵੀ, ਮਿਸਰ ਨੌਰਥ ਅਫਰੀਕਾ, ਮੋਜ਼ੰਬਿਕ, ਬੋਤਸਵਾਨਾ, ਜਿੰ਼ਬਾਬਵੇ, ਨਾਮੀਬੀਆ, ਲੈਸੋਥੋ ਤੇ ਐਸਵਾਤਿਨੀ ਗਏ ਸਨ। ਇਹ ਪਾਬੰਦੀ ਸ਼ਨਿੱਚਰਵਾਰ ਸਵੇਰੇ ਹਟਾਈ ਜਾਵੇਗੀ। ਚੀਫ ਪਬਲਿਕ ਹੈਲਥ ਆਫ ਕੈਨੇਡਾ ਡਾ· ਥੈਰੇਸਾ ਟੈਮ ਨੇ ਆਖਿਆ ਕਿ ਜੇ ਇਸ ਦਰ ਉੱਤੇ ਓਮਾਈਕ੍ਰੌਨ ਫੈਲਦਾ ਹੈ ਤਾਂ ਹੈਲਥ ਕੇਅਰ ਸਿਸਟਮ ਚਰਮਰਾ ਜਾਵੇਗਾ।ਉਨ੍ਹਾਂ ਕੈਨੇਡੀਅਨਜ਼ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਛੁੱਟੀਆਂ ਦੇ ਪਲੈਨ ਧਿਆਨ ਨਾਲ ਬਣਾਉਣ।