ਓਟਾਵਾ  — ਕੈਨੇਡਾ ਨੇ ਮਿਆਂਮਾਰ ਦੀ ਨੇਤਾ ਆਂਗ ਸਾਨ ਸੂ ਕੀ ਨੂੰ ਸਨਮਾਨ ਦੇ ਤੌਰ ‘ਤੇ ਦਿੱਤੀ ਕੈਨੇਡਾ ਦੀ ਆਨਰੇਰੀ ਨਾਗਰਿਕਤਾ ਨੂੰ ਵਾਪਸ ਲੈ ਲਿਆ ਹੈ। ਇਕ ਰਿਪੋਰਟ ਮੁਤਾਬਕ ਕੈਨੇਡਾ ਨੇ ਇਹ ਕਦਮ ਸੂ ਕੀ ਦੇ ਉਨ੍ਹਾਂ ਦੀ ਫੌਜ ਵਲੋਂ ਰੋਹਿੰਗਿਆ ਮੁਸਲਮਾਨਾਂ ‘ਤੇ ਕੀਤੀ ਗਈ ਹਿੰਸਕ ਕਾਰਵਾਈ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਚੁੱੱਕਿਆ ਹੈ। ਸੂ ਕੀ ਆਨਰੇਰੀ ਸਨਮਾਨ ਨੂੰ ਗਵਾਉਣ ਵਾਲੀ ਪਹਿਲੀ ਔਰਤ ਹੈ।

ਕੈਨੇਡਾ ਦੀ ਸੈਨੇਟ ਨੇ ਬੀਤੇ ਮਹੀਨੇ ਸੂ ਕੀ ਨੂੰ ਦਿੱਤੇ ਹਏ ਸਨਮਾਨ ਲਈ ਨਾਗਰਿਕਤਾ ਰੱਦ ਕਰਨ ਲਈ ਸਾਰਿਆਂ ਦੀ ਸਹਿਮਤੀ ਨਾਲ ਵੋਟਿੰਗ ਕੀਤੀ। ਪਿਛਲੇ ਹਫਤੇ ਹਾਊਸ ਆਫ ਕਾਮਨਜ਼ ਨੇ ਵੀ ਇਸ ਸਬੰਧ ਵਿਚ ਸਾਰਿਆਂ ਦੀ ਸਹਿਮਤੀ ਨਾਲ ਵੋਟਾਂ ਪਾ ਕੇ ਇਹ ਫੈਸਲਾ ਪਾਸ ਕੀਤਾ ਸੀ। ਕੈਨੇਡਾ ਦੇ ਦੋਹਾਂ ਸਦਨਾਂ ਨੇ ਸਤੰਬਰ ‘ਚ ਪਾਸ ਮੱਤੇ ਵਿਚ ਰੋਹਿੰਗਿਆ ਵਿਰੁੱਧ ਹਿੰਸਾ ਨੂੰ ਕਤਲੇਆਮ ਕਰਾਰ ਦਿੱਤਾ ਸੀ। ਮਿਆਂਮਾਰ ਵਿਚ ਫੌਜ ਦੀ ਹਿੰਸਕ ਕਾਰਵਾਈ ਪਿਛਲੇ ਸਾਲ ਸ਼ੁਰੂ ਹੋਈ ਸੀ ਅਤੇ 7,000 ਰੋਹਿੰਗਿਆ ਨੂੰ ਗੁਆਂਢੀ ਦੇਸ਼ ਬੰਗਲਾਦੇਸ਼ ਦੌੜਨ ‘ਤੇ ਮਜਬੂਰ ਹੋਣਾ ਪਿਆ ਸੀ। ਕੈਨੇਡਾ ਨੇ ਸੂ ਕੀ ਨੂੰ ਸਾਲ 2007 ‘ਚ ਇਹ ਆਨਰੇਰੀ ਨਾਗਰਿਕਤਾ ਪ੍ਰਦਾਨ ਕੀਤੀ ਸੀ।