ਟੋਰਾਂਟੋ — ਕੈਨੇਡਾ ਸਰਕਾਰ ਨੇ ਮਾਪਿਆਂ ਨੂੰ ਸਪਾਂਸਰ ਕਰਨ ਦੀ ਗਿਣਤੀ 17,000 ਤੋਂ ਵਧਾ ਕੇ 20,000 ਤਕ ਕਰ ਦਿੱਤੀ ਹੈ। ਹਾਲ ਹੀ ‘ਚ ਕੈਨੇਡਾ ਨੇ 10,000 ਤੋਂ ਇਸ ਦੀ ਗਿਣਤੀ 17,000 ਕੀਤੀ ਸੀ ਅਤੇ ਹੁਣ ਬੀਤੇ ਦਿਨੀਂ ਮੁੜ ਇਸ ‘ਚ ਵਾਧਾ ਕੀਤਾ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਨਾਗਰਿਕਤਾ ਮੰਤਰੀ ਅਹਿਮਦ ਹੁਸੈਨ ਨੇ ਦੱਸਿਆ ਕਿ ਇਸ ਦੇ ਨਾਲ ਹੀ ਵਿਵਾਦਤ ਲਾਟਰੀ ਸਿਸਟਮ ਵੀ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਹੁਣ ਤਕ ਲਾਟਰੀ ਸਿਸਟਮ ਬਿਨੈਕਾਰਾਂ ਦੀ ਚੋਣ ਕੀਤੀ ਜਾਂਦੀ ਰਹੀ ਹੈ ਅਤੇ ਨਵਾਂ ਸਿਸਟਮ ਲਾਗੂ ਹੋਣ ਨਾਲ ਲੋਕਾਂ ਨੂੰ ਵਧੇਰੇ ਫਾਇਦਾ ਹੋਣ ਦੀ ਆਸ ਹੈ।
ਨਵੇਂ ਸਿਸਟਮ ਮੁਤਾਬਕ ਇਮੀਗ੍ਰੇਸ਼ਨ ਦੀ ਪੇਰੈਂਟਸ ਅਤੇ ਗਰੈਂਡ ਪੇਰੈਂਟਸ ਕੈਟੇਗਰੀ ‘ਚ ਜਿਨ੍ਹਾਂ ਲੋਕਾਂ ਦੀਆਂ ਅਰਜ਼ੀਆਂ ਇਮੀਗ੍ਰੇਸ਼ਨ ਵਿਭਾਗ ਨੂੰ ਪਹਿਲਾਂ ਮਿਲਣਗੀਆਂ, ਉਹ ਸਵਿਕਾਰ ਕੀਤੀਆਂ ਜਾਣਗੀਆਂ ਅਤੇ ਜਦ ਇਨ੍ਹਾਂ ਦੀ ਗਿਣਤੀ 20,000 ਹੋ ਜਾਵੇਗੀ ਤਾਂ ਹੋਰ ਅਰਜ਼ੀਆਂ ਲੈਣੀਆਂ ਬੰਦ ਕਰ ਦਿੱਤੀਆਂ ਜਾਣਗੀਆਂ।
ਸਰਕਾਰ ਵਲੋਂ ਇਹ ਅਹਿਮ ਫੈਸਲਾ ਲੈਣ ਨਾਲ ਇੱਥੇ ਰਹਿਣ ਵਾਲਿਆਂ ਦੇ ਚਿਹਰੇ ਖਿੜ੍ਹ ਗਏ ਹਨ। ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਦੱਸਿਆ ਕਿ ਕੈਨੇਡਾ ਰਹਿੰਦੇ ਯੋਗ ਬਿਨੈਕਾਰਾਂ ਲਈ ਮਾਪਿਆਂ, ਦਾਦਕਿਆਂ ਅਤੇ ਨਾਨਕਿਆਂ ਨੂੰ ਸਪਾਂਸਰ ਕਰਨ ਦੀ ਗਿਣਤੀ 17,000 ਤੋਂ ਵਧਾ ਕੇ 20,000 ਕਰ ਦਿੱਤੀ ਗਈ ਹੈ। ਇਸ ਤਹਿਤ ਕੈਨੇਡਾ ਵਾਸੀਆਂ ਕੋਲ ਮੌਕਾ ਹੈ ਕਿ ਉਹ ਆਪਣੇ ਹੋਰ ਵੀ ਰਿਸ਼ਤੇਦਾਰਾਂ ਨੂੰ ਇੱਥੇ ਸਪਾਂਸਰ ਕਰ ਸਕਦੇ ਹਨ।