ਇਮੀਗ੍ਰੇਸ਼ਨ ਮੰਤਰਾਲੇ ਵਲੋਂ ਮੌਜੂਦਾ ਵਰ੍ਹੇ ਦੌਰਾਨ 10 ਹਜ਼ਾਰ ਅਰਜ਼ੀਆਂ ਪ੍ਰਵਾਨ ਕਰਨ ਦਾ ਐਲਾਨ ਕੀਤਾ
ਕੈਨੇਡਾ ਤੋਂ ਚੰਗੀ ਖ਼ਬਰ ਹੈ । ਕੈਨੇਡਾ 2025 ਵਿਚ ਮਾਪਿਆਂ ਅਤੇ ਦਾਦਾ-ਦਾਦੀ ਪ੍ਰੋਗਰਾਮ ਨੂੰ ਦੁਬਾਰਾ ਖੋਲ੍ਹ ਰਿਹਾ ਹੈ। ਕੈਨੇਡਾ ਵਿਚ ਵਸਦੇ ਪ੍ਰਵਾਸੀਆਂ ਦੇ ਪੇਰੈਂਟਸ ਅਤੇ ਗਰੈਂਡ ਪੇਰੈਂਟਸ ਨੂੰ ਪੀ.ਆਰ. (ਸਥਾਈ ਨਿਵਾਸ ਸਪਾਂਸਰਸ਼ਿਪ) ਦੇਣ ਦੀ ਯੋਜਨਾ ’ਤੇ ਲੱਗੀ ਆਰਜ਼ੀ ਰੋਕ ਨੂੰ ਹਟਾਉਂਦਿਆਂ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਮੌਜੂਦਾ ਵਰ੍ਹੇ ਦੌਰਾਨ 10 ਹਜ਼ਾਰ ਅਰਜ਼ੀਆਂ ਪ੍ਰਵਾਨ ਕਰਨ ਦਾ ਐਲਾਨ ਕੀਤਾ ਗਿਆ ਹੈ। ਕੈਨੇਡੀਅਨ ਨਾਗਰਿਕ ਅਤੇ ਸਥਾਈ ਨਿਵਾਸੀ ਆਪਣੇ ਮਾਪਿਆਂ ਅਤੇ ਦਾਦਾ-ਦਾਦੀ ਜਾਂ ਨਾਨਾ-ਨਾਨੀ ਨੂੰ ਕੈਨੇਡਾ ਲਿਆ ਕੇ ਉਨ੍ਹਾਂ ਨੂੰ ਇਥੇ ਰਹਿਣ ਅਤੇ ਕੰਮ ਕਰਨ ਦਾ ਮੌਕਾ ਦੇ ਸਕਣਗੇ।
ਸਾਲ 2020 ਦੌਰਾਨ ਅਪਣੇ ਮਾਤਾ-ਪਿਤਾ, ਦਾਦਾ-ਦਾਦੀ ਜਾਂ ਨਾਨ-ਨਾਨੀ ਨੂੰ ਕੈਨੇਡਾ ਸੱਦਣ ਦੀ ਇੱਛਾ ਪ੍ਰਗਟਾਉਣ ਵਾਲੇ ਬਿਨੈਕਾਰਾਂ ਵਿਚੋਂ ਇਮੀਗ੍ਰੇਸ਼ਨ ਮੰਤਰਾਲਾ ਅਪਣੀ ਮਰਜ਼ੀ ਨਾਲ ਅਰਜ਼ੀਆਂ ਦੀ ਚੋਣ ਕਰੇਗਾ ਅਤੇ ਇਨ੍ਹਾਂ ਦੀ ਪ੍ਰੋਸੈਸਿੰਗ ਵਿਚ ਘੱਟੋ ਘੱਟ 24 ਮਹੀਨੇ ਦਾ ਸਮਾਂ ਲੱਗ ਸਕਦਾ ਹੈ ਪਰ ਕਿਊਬੈਕ ਨਾਲ ਸਬੰਧਤ ਅਰਜ਼ੀਆਂ ਦੇ ਨਿਪਟਾਰੇ ਵਿਚ 48 ਮਹੀਨੇ ਦਾ ਸਮਾਂ ਲੱਗਣ ਦਾ ਖ਼ਦਸ਼ਾ ਜ਼ਾਹਰ ਕੀਤਾ ਗਿਆ ਹੈ ਕਿਉਂਕਿ ਸੂਬਾ ਸਰਕਾਰ ਵਲੋਂ ਅਪਣੇ ਫ਼ੈਮਿਲੀ ਕਲਾਸ ਵਿਚ ਵੀਜ਼ਿਆਂ ਦੀ ਗਿਣਤੀ ਬੇਹੱਦ ਸੀਮਤ ਕੀਤੀ ਜਾ ਚੁੱਕੀ ਹੈ। ਇਸ ਯੋਜਨਾ ਦਾ ਸੱਭ ਤੋਂ ਵੱਡਾ ਫ਼ਾਇਦਾ ਭਾਰਤੀ ਪੰਜਾਬੀਆਂ ਨੂੰ ਹੋਵੇਗਾ, ਜੋ ਅਪਣੇ ਬੱਚਿਆਂ ਨਾਲ ਕੈਨੇਡਾ ਵਿਚ ਰਹਿਣਾ ਚਾਹੁੰਦੇ ਹਨ।
ਕੈਨੇਡੀਅਨ ਗਜ਼ਟ ਵਿਚ ਪ੍ਰਕਾਸ਼ਤ ਹਦਾਇਤਾਂ ਮੁਤਾਬਕ ਪਰਵਾਰਾਂ ਦਾ ਮਿਲਾਪ ਕਰਵਾਉਣ ਲਈ ਸਰਕਾਰ ਵਚਨਬੱਧ ਹੈ ਪਰ ਅਤੀਤ ਵਿਚ ਆਈਆਂ ਅਰਜ਼ੀਆਂ ਦੀ ਪ੍ਰੋਸੈਸਿੰਗ ਵਲ ਵੀ ਧਿਆਨ ਦੇਣਾ ਲਾਜ਼ਮੀ ਹੈ। ਅਪਣੇ ਪੇਰੈਂਟਸ ਜਾਂ ਗਰੈਂਡ ਪੇਰੈਂਟਸ ਨੂੰ ਕੈਨੇਡਾ ਸੱਦਣ ਦੇ ਇੱਛੁਕ ਪ੍ਰਵਾਸੀਆਂ ਨੂੰ ਸੁਝਾਅ ਦਿਤਾ ਗਿਆ ਹੈ ਕਿ ਉਹ ਸੁਪਰ ਵੀਜ਼ਾ ਦੀ ਸ਼੍ਰੇਣੀ ਵਲ ਜਾ ਸਕਦੇ ਹਨ ਜਿਸ ਰਾਹੀਂ ਪੰਜ ਸਾਲ ਤਕ ਕੈਨੇਡਾ ਵਿਚ ਠਹਿਰਾਅ ਕੀਤਾ ਜਾ ਸਕਦਾ ਹੈ ਅਤੇ ਦੋ ਸਾਲ ਦਾ ਹੋਰ ਵਾਧਾ ਵੀ ਕਰਵਾਇਆ ਜਾ ਸਕਦਾ ਹੈ। ਇਮੀਗ੍ਰੇਸ਼ਨ ਮੰਤਰਾਲੇ ਦਾ ਕਹਿਣਾ ਹੈ ਕਿ 2025 ਦੇ ਪੇਰੈਂਟਸ ਐਂਡ ਗਰੈਂਡ ਪੇਰੈਂਟਸ ਪ੍ਰੋਗਰਾਮ ਅਧੀਨ ਦਿਲਚਸਪੀ ਦੇ ਪ੍ਰਗਟਾਵੇ ਮੰਗਣ ਬਾਰੇ ਵਿਸਤਾਰਤ ਜਾਣਕਾਰੀ ਆਉਣ ਵਾਲੇ ਮਹੀਨਿਆਂ ਦੌਰਾਨ ਮੁਹਈਆ ਕਰਵਾਈ ਜਾਵੇਗੀ।