ਓਂਟਾਰੀਓ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਟੈਰਿਫ ਨੀਤੀ ਨੂੰ ਲੈ ਕੇ ਕੈਨੇਡਾ ਅਤੇ ਚੀਨ ਸਮੇਤ ਕਈ ਦੇਸ਼ਾਂ ‘ਚ ਗੁੱਸਾ ਹੈ। ਜਿੱਥੇ ਹੁਣ ਚੀਨ ਵੱਲੋਂ ਅਮਰੀਕੀ ਖੇਤੀ ਉਤਪਾਦਾਂ ‘ਤੇ ਟੈਰਿਫ ਵਧਾਏ ਜਾਣ ਤੋਂ ਬਾਅਦ ਕੈਨੇਡਾ ਦੇ ਸਭ ਤੋਂ ਵੱਡੇ ਸੂਬੇ ਓਨਟਾਰੀਓ ਨੇ ਵੀ ਟਰੰਪ ਦੇ ਟੈਰਿਫ ‘ਤੇ ਪਲਟਵਾਰ ਕੀਤਾ ਹੈ ਅਤੇ ਅਮਰੀਕੀ ਸੂਬਿਆਂ ‘ਚ ਓਨਟਾਰੀਓ ਵੱਲੋਂ ਮੁਹੱਈਆ ਕਰਵਾਈ ਜਾਂਦੀ ਬਿਜਲੀ ਦੀਆਂ ਕੀਮਤਾਂ ‘ਚ 25 ਫੀਸਦੀ ਹੋਰ ਵਸੂਲੀ ਕਰਨ ਦਾ ਐਲਾਨ ਕੀਤਾ ਹੈ।
ਇਸ ਮਾਮਲੇ ਵਿੱਚ, ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਐਲਾਨ ਕੀਤਾ ਹੈ ਕਿ ਸੋਮਵਾਰ ਤੋਂ ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਪਾਰਕ ਯੁੱਧ ਦਾ ਜਵਾਬ ਦਿੰਦੇ ਹੋਏ, 1.5 ਮਿਲੀਅਨ ਅਮਰੀਕੀਆਂ ਤੋਂ ਬਿਜਲੀ ਦੀਆਂ ਕੀਮਤਾਂ ‘ਤੇ 25% ਹੋਰ ਵਸੂਲ ਕਰਨਗੇ। ਦੱਸ ਦੇਈਏ ਕਿ ਓਨਟਾਰੀਓ, ਜੋ ਕਿ ਮਿਨੀਸੋਟਾ, ਨਿਊਯਾਰਕ ਅਤੇ ਮਿਸ਼ੀਗਨ ਵਰਗੇ ਅਮਰੀਕੀ ਰਾਜਾਂ ਨੂੰ ਬਿਜਲੀ ਸਪਲਾਈ ਕਰਦਾ ਹੈ। ਇਸ ਆਧਾਰ ‘ਤੇ ਟਰੰਪ ਦੇ ਵਪਾਰਕ ਫੈਸਲਿਆਂ ਦੇ ਵਿਰੋਧ ‘ਚ ਓਨਟਾਰੀਓ ਦਾ ਇਹ ਕਦਮ ਚੁੱਕਿਆ ਗਿਆ ਹੈ।
ਓਨਟਾਰੀਓ ਸਰਕਾਰ ਅਨੁਸਾਰ ਨਵੇਂ ਨਿਯਮਾਂ ਤਹਿਤ ਅਮਰੀਕਾ ਨੂੰ ਬਿਜਲੀ ਵੇਚਣ ਵਾਲੇ ਜਨਰੇਟਰਾਂ ਨੂੰ 25 ਫੀਸਦੀ ਵਾਧੂ ਫੀਸ ਦੇਣੀ ਪਵੇਗੀ। ਇਸ ਨਾਲ ਓਨਟਾਰੀਓ ਦੇ ਮਾਲੀਏ ਵਿੱਚ ਪ੍ਰਤੀ ਦਿਨ ਲਗਭਗ 300,000 ਤੋਂ 400,000 ਕੈਨੇਡੀਅਨ ਡਾਲਰ ਪੈਦਾ ਹੋਣ ਦੀ ਉਮੀਦ ਹੈ, ਜਿਸਦੀ ਵਰਤੋਂ ਸੂਬੇ ਦੇ ਕਾਮਿਆਂ, ਪਰਿਵਾਰਾਂ ਅਤੇ ਕਾਰੋਬਾਰਾਂ ਦੀ ਸਹਾਇਤਾ ਲਈ ਕੀਤੀ ਜਾਵੇਗੀ। ਡਗ ਫੋਰਡ ਨੇ ਕੈਨੇਡਾ ਦੇ ਟੋਰਾਂਟੋ ‘ਚ ਇਕ ਕਾਨਫਰੰਸ ‘ਚ ਕਿਹਾ ਕਿ ਜੇਕਰ ਅਮਰੀਕਾ ਟੈਰਿਫ ਵਧਾਉਂਦਾ ਹੈ ਤਾਂ ਮੈਂ ਬਿਜਲੀ ਸਪਲਾਈ ਪੂਰੀ ਤਰ੍ਹਾਂ ਕੱਟਣ ਤੋਂ ਨਹੀਂ ਝਿਜਕਾਂਗਾ। ਉਨ੍ਹਾਂ ਕਿਹਾ ਕਿ ਪਰ ਮੈਨੂੰ ਅਮਰੀਕੀ ਨਾਗਰਿਕਾਂ ਲਈ ਬਹੁਤ ਬੁਰਾ ਲੱਗਦਾ ਹੈ, ਜਿਨ੍ਹਾਂ ਨੇ ਇਹ ਵਪਾਰ ਯੁੱਧ ਸ਼ੁਰੂ ਨਹੀਂ ਕੀਤਾ। ਫੋਰਡ ਨੇ ਵੀ ਇਸ ਨੂੰ ਪੂਰੀ ਤਰ੍ਹਾਂ ਨਾਲ ਰਾਸ਼ਟਰਪਤੀ ਟਰੰਪ ਦੀਆਂ ਨੀਤੀਆਂ ਦਾ ਨਤੀਜਾ ਦੱਸਿਆ ਹੈ।