ਟੋਰਾਂਟੋ — 2 ਔਰਤਾਂ ਵੱਲੋਂ ਜਿਨਸੀ ਸੋਸ਼ਣ ਦੇ ਦੋਸ਼ ਲਾਏ ਜਾਣ ਤੋਂ ਬਾਅਦ ਓਨਟਾਰੀਓ ਪ੍ਰੋਗਰੈਸਿਵ ਕੰਜ਼ਰਵੇਟਿਵ ਆਗੂ ਪੈਟਰਿਕ ਬ੍ਰਾਊਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਵੀਰਵਾਰ ਸਵੇਰੇ ਜਾਰੀ ਕੀਤੇ ਇਕ ਬਿਆਨ ‘ਚ ਬ੍ਰਾਊਨ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਝੂਠਾ ਅਤੇ ਬੇਬੁਨਿਆਦ ਦੱਸਿਆ। ਪਰ ਉਨ੍ਹਾਂ ਇਹ ਵੀ ਕਿਹਾ ਕਿ ਉਹ ਆਪਣੇ ਦੋਸਤਾਂ, ਪਰਿਵਾਰਕ ਮੈਂਬਰਾਂ ਅਤੇ ਕਾਕਸ ਮੈਂਬਰਾਂ ਨਾਲ ਸਲਾਹ ਕਰਨ ਤੋਂ ਬਾਅਦ ਹੀ ਅਸਤੀਫਾ ਦੇ ਰਹੇ ਹਨ। ਬ੍ਰਾਊਨ ਨੇ ਆਖਿਆ ਕਿ ਉਨ੍ਹਾਂ ਸਿਰਫ ਓਨਟਾਰੀਓ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਆਗੂ ਵਜੋਂ ਅਸਤੀਫਾ ਦਿੱਤਾ ਹੈ ਪਰ ਉਹ ਐਮ. ਪੀ. ਪੀ. ਬਣੇ ਰਹਿਣਗੇ ਅਤੇ ਆਪਣੇ ਨਾਂ ਨਾਲ ਜੁੜੇ ਇਨ੍ਹਾਂ ਝੂਠੇ ਦੋਸ਼ਾਂ ਦਾ ਸੱਚ ਸਾਰਿਆਂ ਸਾਹਮਣੇ ਲਿਆ ਕੇ ਹੀ ਸਾਹ ਲੈਣਗੇ।
ਬ੍ਰਾਊਨ ਵੱਲੋਂ ਇਹ ਬਿਆਨ ਦਿੱਤੇ ਜਾਣ ਤੋਂ ਥੋੜ੍ਹੀ ਦੇਰ ਬਾਅਦ ਹੀ ਓਨਟਾਰੀਓ ਪੀ. ਸੀ. ਦੇ ਡਿਪਟੀ ਆਗੂ ਸਿਲਵੀਆ ਜੋਨਜ਼ ਅਤੇ ਸਟੀਵ ਕਲਾਰਕ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਉਨ੍ਹਾਂ ਸਾਰਿਆਂ ਵੱਲੋਂ ਰਲ ਕੇ ਇਹ ਸਹਿਮਤੀ ਪ੍ਰਗਟਾਈ ਗਈ ਹੈ ਕਿ ਬ੍ਰਾਊਨ ਪਾਰਟੀ ਆਗੂ ਵਜੋਂ ਕੰਮ ਨਹੀਂ ਕਰ ਸਕਦੇ। ਇਸ ਬਿਆਨ ‘ਚ ਇਹ ਵੀ ਆਖਿਆ ਗਿਆ ਕਿ ਬ੍ਰਾਊਨ ਹੁਣ ਕਾਨੂੰਨੀ ਮਾਮਲੇ ‘ਚ ਉਲਝੇ ਹੋਏ ਹਨ ਅਤੇ ਇਸ ਲਈ ਉਹ ਅਜਿਹੇ ਗੰਭੀਰ ਦੋਸ਼ਾਂ ਦੇ ਚੱਲਦਿਆਂ ਚੋਣਾਂ ‘ਚ ਸਾਡੀ ਅਗਵਾਈ ਨਹੀਂ ਕਰ ਸਕਦੇ।
ਮੀਡੀਆ ਨੂੰ ਦਿੱਤੀ ਇੰਟਰਵਿਊ ‘ਚ ਇਨ੍ਹਾਂ ਔਰਤਾਂ ਨੇ ਚੁਣੇ ਹੋਏ ਅਧਿਕਾਰੀ ਵਜੋਂ ਆਪਣੇ ਸਮੁੱਚੇ ਕਾਰਜਕਾਲ ਦੌਰਾਨ ਉਨ੍ਹਾਂ ਨਾਲ ਗਲਤ ਵਿਵਹਾਰ ਕੀਤਾ। ਇਕ ਔਰਤ ਨੇ ਦੱਸਿਆ ਕਿ ਅਜੇ ਉਹ ਹਾਈ ਸਕੂਲ ‘ਚ ਹੀ ਸੀ ਤਾਂ ਉਸ ਸਮੇਂ ਬ੍ਰਾਊਨ, ਜੋ ਕਿ ਬੈਰੀ ਤੋਂ ਸਿਆਸਤਦਾਨ ਸਨ, ਨੇ ਉਸ ‘ਤੇ ਸੈਕਸ ਕਰਨ ਲਈ ਦਬਾਅ ਪਾਇਆ ਸੀ। ਦੂਜੀ ਔਰਤ ਨੇ ਆਖਿਆ ਕਿ ਫਿਰ ਬ੍ਰਾਊਨ ਜਦੋਂ ਫੈਡਰਲ ਕੰਜ਼ਰਵੇਟਿਵ ਐੱਮ. ਪੀ. ਬਣੇ ਤਾਂ ਉਹ ਯੂਨੀਵਰਸਿਟੀ ਦੀ ਵਿਦਿਆਰਥਣ ਸੀ ਅਤੇ ਉਨ੍ਹਾਂ ਦੇ ਆਫਿਸ ‘ਚ ਹੀ ਕੰਮ ਕਰਦੀ ਸੀ ਅਤੇ ਉਸ ਸਮੇਂ ਉਸ ਨੇ ਇਕ ਈਵੈਂਟ ਕਰਵਾਉਣ ‘ਚ ਉਨ੍ਹਾਂ ਦੀ ਮਦਦ ਕੀਤੀ ਸੀ ਪਰ ਬ੍ਰਾਊਨ ਨੇ ਉਸ ‘ਤੇ ਜਿਨਸੀ ਹਮਲਾ ਕੀਤਾ ਸੀ।
ਬ੍ਰਾਊਨ ਦੇ ਵਕੀਲ ਨੇ ਇਸ ਉੱਤੇ ਪ੍ਰਤੀਕਿਰਿਆ ਦਿੰਦਿਆਂ ਆਖਿਆ ਕਿ ਬ੍ਰਾਊਨ ਵੱਲੋਂ ਇਨ੍ਹਾਂ ਨੂੰ ਝੂਠੇ ਅਤੇ ਬਦਨਾਮ ਕਰਨ ਲਈ ਉਨ੍ਹਾਂ ‘ਤੇ ਲਗਾਏ ਜਾ ਰਹੇ ਹਨ।