ਓਟਾਵਾ, 19 ਅਗਸਤ : ਕੈਨੇਡਾ ਦੇ ਜੰਗਲਾਂ ਵਿੱਚ ਇੱਕ ਵਾਰ ਫਿਰ ਅੱਗ ਲੱਗੀ ਹੈ। ਯਲੋਨਾਈਫ ਸ਼ਹਿਰ ਦੇ 20 ਹਜ਼ਾਰ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਂ ‘ਤੇ ਜਾਣ ਦਾ ਹੁਕਮ ਦਿੱਤਾ ਗਿਆ ਹੈ। ਇਸ ਦੌਰਾਨ ਫਾਇਰ ਬ੍ਰਿਗੇਡ ਯਲੋਨਾਈਫ ਕਸਬੇ ਤੋਂ ਅੱਗ ਨੂੰ ਦੂਰ ਰੱਖਣ ਦੀ ਕੋਸਿ਼ਸ਼ ਕਰ ਰਹੀ ਹੈ। ਕੈਨੇਡਾ ਵਿੱਚ ਇਸ ਸਾਲ ਦੀ ਸਭ ਤੋਂ ਘਾਤਕ ਜੰਗਲੀ ਅੱਗ ਵਿੱਚੋਂ ਇੱਕ ਹੈ।
ਦੇਸ਼ ਵਿੱਚ 1 ਹਜ਼ਾਰ ਤੋਂ ਵੱਧ ਐਕਟਿਵ ਫਾਇਰ ਹਨ, ਜੋ ਲਗਭਗ 265 ਖੇਤਰਾਂ ਵਿਚ ਫੈਲੀ ਹੋਈਆਂ ਹਨ। ਕੈਨੇਡਾ ਵਿੱਚ ਇਸ ਸਾਲ ਜੰਗਲਾਂ ਵਿੱਚ ਲੱਗੀ ਅੱਗ ਕਾਰਨ ਕਰੀਬ 1.34 ਲੱਖ ਵਰਗ ਕਿਲੋਮੀਟਰ ਦਾ ਇਲਾਕਾ ਸੜ ਗਿਆ ਹੈ। ਇਹ ਹਰ 10 ਸਾਲਾਂ ਵਿੱਚ ਸੜਨ ਵਾਲੇ ਖੇਤਰ ਨਾਲੋਂ ਲਗਭਗ 6 ਗੁਣਾ ਵੱਧ ਹੈ। ਇਸ ਸੀਜ਼ਨ ਵਿਚ ਹੁਣ ਤੱਕ ਲਗਭਗ 2 ਲੱਖ ਲੋਕਾਂ ਨੂੰ ਕਿਸੇ ਨਾ ਕਿਸੇ ਸਮੇਂ ਜੰਗਲਾਂ ਵਿਚ ਲੱਗੀ ਅੱਗ ਕਾਰਨ ਆਪਣਾ ਘਰ ਛੱਡਣਾ ਪਿਆ ਹੈ।
ਸ਼ਹਿਰ ਦੀ ਮੇਅਰ ਰੇਬੇਕਾ ਨੇ ਕਿਹਾ ਕਿ ਵਿਸ਼ੇਸ਼ ਟੀਮਾਂ ਅੱਗ ਨੂੰ ਫੈਲਣ ਤੋਂ ਰੋਕਣ ਲਈ ਸ਼ਹਿਰ ਦੇ ਨੇੜੇ ਦਰੱਖਤਾਂ ਨੂੰ ਕੱਟ ਰਹੀਆਂ ਹਨ। ਅੱਗ ਫਿਲਹਾਲ ਸ਼ਹਿਰ ਦੇ ਉੱਤਰ-ਪੱਛਮੀ ਖੇਤਰ ਤੋਂ ਲਗਭਗ 15 ਕਿਲੋਮੀਟਰ ਦੂਰ ਹੈ। ਜੇਕਰ ਮੀਂਹ ਨਹੀਂ ਪੈਂਦਾ ਤਾਂ ਸ਼ਨੀਵਾਰ ਤੱਕ ਇਸ ਦੇ ਬਾਹਰੀ ਇਲਾਕਿਆਂ ਵਿਚ ਪਹੁੰਚਣ ਦਾ ਸ਼ੱਕ ਹੈ।