ਕੈਮਲੂਪਸ (ਬ੍ਰਿਟਿਸ਼ ਕੋਲੰਬੀਆ), 31 ਮਈ

ਕੈਨੇਡਾ ਦੇ ਇੱਕ ਸਕੂਲ ’ਚ 215 ਬੱਚਿਆਂ ਦੇ ਪਿੰਜਰ ਮਿਲੇ ਹਨ, ਜਿਨ੍ਹਾਂ ’ਚੋਂ ਕੁਝ ਦੀ ਉਮਰ ਤਕਰੀਬਨ ਤਿੰਨ ਸਾਲ ਤੱਕ ਹੋਵੇਗੀ। ਇਹ ਕਿਸੇ ਸਮੇਂ ਕੈਨੇਡਾ ਦਾ ਸਭ ਤੋਂ ਵੱਡਾ ਰਿਹਾਇਸ਼ੀ ਸਕੂਲ ਹੁੰਦਾ ਸੀ। ਇੱਥੋਂ ਦੇ ਇੱਕ ਗਰੁੱਪ ਫਸਟ ਨੇਸ਼ਨ ਦੀ ਮੁਖੀ ਰੋਸੇਨ ਕੈਸਿਮੀਰ ਨੇ ਪ੍ਰੈੱਸ ਬਿਆਨ ’ਚ ਕਿਹਾ ਕਿ ਜ਼ਮੀਨ ਹੇਠਾਂ ਵਸਤਾਂ ਦਾ ਪਤਾ ਲਾਉਣ ਵਾਲੇ ਰਾਡਾਰ ਦੀ ਮਦਦ ਨਾਲ ਬੀਤੇ ਹਫ਼ਤੇ ਇਨ੍ਹਾਂ ਪਿੰਜਰਾਂ ਬਾਰੇ ਪਤਾ ਚੱਲਿਆ। ਉਨ੍ਹਾਂ ਕਿਹਾ ਕਿ ਪਿੰਜਰਾਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ ਸਕੂਲ ਦੇ ਮੈਦਾਨ ਅਤੇ ਇਸ ਦੇ ਇਲਾਕੇ ਦੀ ਤਲਾਸ਼ੀ ਅਜੇ ਲਈ ਜਾਣੀ ਹੈ। ਜ਼ਿਕਰਯੋਗ ਹੈ ਕਿ 19ਵੀਂ ਸਦੀ ਦੇ 1970 ਦੇ ਦਹਾਕੇ ਤੱਕ ਫਸਟ ਨੇਸ਼ਨ ਦੇ ਡੇਢ ਲੱਖ ਤੋਂ ਵੱਧ ਬੱਚਿਆਂ ਨੂੰ ਕੈਨੇਡੀਅਨ ਸਮਾਜ ’ਚ ਸ਼ਾਮਲ ਕਰਨ ਦੇ ਪ੍ਰੋਗਰਾਮ ਤਹਿਤ ਸਰਕਾਰੀ ਫੰਡਾਂ ਨਾਲ ਚੱਲਦੇ ਈਸਾਈ ਸਕੂਲਾਂ ’ਚ ਪੜ੍ਹਨਾ ਹੁੰਦਾ ਸੀ। ਉਨ੍ਹਾਂ ਨੂੰ ਈਸਾਈ ਧਰਮ ਤਬਦੀਲ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ। ਉਨ੍ਹਾਂ ਦੀ ਕੁੱਟਮਾਰ ਕੀਤੀ ਜਾਂਦੀ ਸੀ ਅਤੇ ਅਪਸ਼ਬਦ ਵੀ ਬੋਲੇ ਜਾਂਦੇ ਸਨ। ਅਜਿਹਾ ਦੱਸਿਆ ਜਾਂਦਾ ਹੈ ਕਿ ਉਸ ਦੌਰਾਨ 6 ਹਜ਼ਾਰ ਬੱਚਿਆਂ ਦੀ ਮੌਤ ਹੋ ਗਈ ਸੀ।