ਓਟਾਵਾ— ਵੈਨੇਜ਼ੁਏਲਾ ਵਲੋਂ ਕੈਨੇਡੀਅਨ ਸਫੀਰ ਕ੍ਰੈਗ ਕੋਵਾਲਿਕ ਨੂੰ ਦੇਸ਼ ‘ਚੋਂ ਕੱਢਣ ਦੇ ਹੁਕਮਾਂ ਤੋਂ ਬਾਅਦ ਕੈਨੇਡਾ ਦੀ ਸਰਕਾਰ ਨੇ ਇਸ ਦੇ ਜਵਾਬ ‘ਚ ਵੈਨੇਜ਼ੁਏਲਾ ਦੇ ਡਿਪਲੋਮੈਟ ਨੂੰ ਦੇਸ਼ ਛੱਡਣ ਦੇ ਹੁਕਮ ਦੇ ਦਿੱਤੇ ਹਨ।
ਸ਼ਨੀਵਾਰ ਨੂੰ ਵੈਨੇਜ਼ੁਏਲਾ ਦੇ ਅਧਿਕਾਰੀਆਂ ਨੇ ਦੋਸ਼ ਲਾਇਆ ਕਿ ਕੈਨੇਡਾ ਵੈਨੇਜ਼ੂਏਲਾ ਦੇ ਅੰਦਰੂਨੀ ਮਾਮਲਿਆਂ ‘ਚ ਦਖਲਅੰਦਾਜ਼ੀ ਕਰ ਰਿਹਾ ਹੈ। ਸੋਮਵਾਰ ਨੂੰ ਜਾਰੀ ਇਕ ਬਿਆਨ ‘ਚ ਕੈਨੇਡਾ ਦੇ ਵਿਦੇਸ਼ ਮੰਤਰੀ ਚਰੀਸੀਆ ਫ੍ਰੀਲੈਂਡ ਨੇ ਕਿਹਾ ਕਿ ਵੈਨੇਜ਼ੁਏਲਾ ਦੇ ਡਿਪਲੋਮੈਟ, ਜਿਸ ਨੂੰ ਕਿ ਪਹਿਲਾਂ ਹੀ ਵੈਨੇਜ਼ੁਏਲਾ ਦੀ ਸਰਕਾਰ ਵਲੋਂ ਵਾਪਸ ਲਿਆ ਜਾ ਚੁੱਕਿਆ ਹੈ, ਦਾ ਹੁਣ ਕੈਨੇਡਾ ‘ਚ ਹੋਰ ਸਵਾਗਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਵੈਨੇਜ਼ੁਏਲਾ ਦੇ ਚਾਰਡ ਡੀ ਅਫੇਅਰਜ਼ ਦੇ ਰੁਤਬੇ ਨੂੰ ਵੀ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਵੈਨੇਜ਼ੁਏਲਾ ‘ਚ ਆਪਣੇ ਲੋਕਾਂ ਲਈ ਕੰਮ ਕਰਨਾ ਜਾਰੀ ਰੱਖੇਗੀ।
ਜ਼ਿਕਰਯੋਗ ਹੈ ਕਿ ਵੈਨੇਜ਼ੁਏਲਾ ਨੇ ਬੀਤੇ ਸ਼ਨੀਵਾਰ ਨੂੰ ਕੈਨੇਡਾ ਦੇ ਡਿਪਲੋਮੈਟ ਕ੍ਰੈਗ ਕੋਵਾਲਿਕ ਤੇ ਬ੍ਰਾਜ਼ੀਲ ਦੇ ਸਫੀਰ ਰੂਈ ਪਰੇਰਾ ਨੂੰ ਦੇਸ਼ ‘ਚੋਂ ਕੱਢਣ ਦੇ ਹੁਕਮ ਦੇ ਦਿੱਤੇ ਹਨ। ਵੈਨੇਜ਼ੁਏਲਾ ਨੇ ਦੋਸ਼ ਲਾਇਆ ਕਿ ਕੈਨੇਡਾ ਵੈਨੇਜ਼ੂਏਲਾ ਦੇ ਅੰਦਰੂਨੀ ਮਾਮਲਿਆਂ ‘ਚ ਦਖਲਅੰਦਾਜ਼ੀ ਕਰ ਰਿਹਾ ਹੈ, ਜਦਕਿ ਬ੍ਰਾਜ਼ੀਲ ਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ। ਕੈਨੇਡਾ ਅਤੇ ਬ੍ਰਾਜ਼ੀਲ ਨੇ ਵੈਨੇਜ਼ੂਏਲਾ ਦੇ ਇਨ੍ਹਾਂ ਕਦਮ ਦੀ ਸਖਤ ਆਲੋਚਨਾ ਕੀਤੀ ਹੈ।