ਓਟਾਵਾ — ਕੈਨੇਡਾ ਦੀ ਸੰਸਦ ਨੇ ਮਿਆਂਮਾਰ ਦੀ ਨੇਤਾ ਆਂਗ ਸਾਨ ਸੂ ਕੀ ਨੂੰ ਦਿੱਤੀ ਆਨਰੇਰੀ ਸਿਟੀਜ਼ਨਸ਼ਿਪ ਵਾਪਸ ਲੈਣ ਸਬੰਧੀ ਪ੍ਰਸਤਾਵ ਨੂੰ ਸਰਵਸੰਮਤੀ ਨਾਲ ਪਾਸ ਕਰ ਦਿੱਤਾ। ਮਿਆਂਮਾਰ ‘ਚ ਚੱਲ ਰਹੇ ਰੋਹਿੰਗਿਆ ਸੰਕਟ ਕਾਰਨ ਇਹ ਕਦਮ ਚੁੱਕਿਆ ਗਿਆ ਹੈ। ਓਟਾਵਾ ਨੇ ਲੰਬੇ ਸਮੇਂ ਤਕ ਜੇਲ ‘ਚ ਰਹੀ ਅਤੇ ਨੋਬਲ ਪੁਰਸਕਾਰ ਨਾਲ ਸਨਮਾਨਿਤ ਸੂ ਕੀ ਨੂੰ ਸਾਲ 2007 ‘ਚ ਕੈਨੇਡਾ ਦੀ ਨਾਗਰਿਕਤਾ ਦਿੱਤੀ ਸੀ। ਰੋਹਿੰਗਿਆ ਮੁਸਲਮਾਨ ਘੱਟ ਗਿਣਤੀਆਂ ‘ਤੇ ਮਿਆਂਮਾਰ ਦੀ ਫੌਜ ਨੇ ਅੱਤਿਆਚਾਰ ਕੀਤੇ ਪਰ ਸੂ ਕੀ ਨੇ ਚੁੱਪੀ ਨਾ ਤੋੜੀ ਅਤੇ ਕੌਮਾਂਤਰੀ ਪੱਧਰ ‘ਤੇ ਉਸ ਦੀ ਕਾਫੀ ਬਦਨਾਮੀ ਹੋਈ।
ਕੈਨੇਡਾ ਨੇ ਪਿਛਲੇ ਹਫਤੇ ਰੋਹਿੰਗਿਆ ਅੱਤਿਆਚਾਰਾਂ ਨੂੰ ਕਤਲੇਆਮ ਕਰਾਰ ਦਿੱਤਾ। ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਦੇ ਬੁਲਾਰੇ ਐਡਮ ਆਸਟਿਨ ਨੇ ਵੀਰਵਾਰ ਨੂੰ ਕਿਹਾ,”ਸਾਲ 2007 ‘ਚ ਹਾਊਸ ਆਫ ਕਾਮਨਜ਼ ਨੇ ਆਂਗ ਸਾਨ ਸੂ ਕੀ ਨੂੰ ਕੈਨੇਡਾ ਦੀ ‘ਆਨਰੇਰੀ ਸਿਟੀਜ਼ਨਸ਼ਿਪ’ ਦਿੱਤੀ ਸੀ। ਅੱਜ ਸਦਨ ਨੇ ਸਰਵ ਸੰਮਤੀ ਨਾਲ ਇਹ ਨਾਗਰਿਕਤਾ ਵਾਪਸ ਲੈਣ ਦੇ ਪ੍ਰਸਤਾਵ ‘ਤੇ ਵੋਟਾਂ ਪਾਈਆਂ। ਮਿਆਂਮਾਰ ਦੇ ਰਖਾਇਨ ਸੂਬੇ ‘ਚ ਫੌਜ ਦੀ ਹਿੰਸਕ ਮੁਹਿੰਮ ਕਾਰਨ 7,00,000 ਤੋਂ ਜ਼ਿਆਦਾ ਰੋਹਿੰਗਿਆ ਮੁਸਲਮਾਨਾਂ ਨੂੰ ਗੁਆਂਢੀ ਦੇਸ਼ ਬੰਗਲਾਦੇਸ਼ ਭੱਜਣਾ ਪਿਆ , ਜਿੱਥੇ ਉਹ ਸ਼ਰਣਾਰਥੀ ਕੈਂਪਾਂ ‘ਚ ਰਹਿ ਰਹੇ ਹਨ। ਕੈਨੇਡੀਅਨ ਐਡਮ ਆਸਟਿਨ ਨੇ ਸਨਮਾਨ ਵਾਪਸ ਲੈਣ ਦਾ ਕਾਰਨ ਸੂ ਚੀ ਵਲੋਂ ਰੋਹਿੰਗਿਆ ਕਤਲੇਆਮ ਦੀ ਨਿੰਦਾ ਕਰਨ ਤੋਂ ਇਨਕਾਰ ਕਰਨ ਨੂੰ ਠਹਿਰਾਇਆ ਹੈ।