ਵੈਨਕੂਵਰ, 29 ਦਸੰਬਰ
ਕੈਨੇਡਾ ਵਿਚ ਸੈਲਾਨੀ ਵੀਜ਼ੇ ’ਤੇ ਆਉਣ ਵਾਲੇ ਲੋਕਾਂ ਨੂੰ ਬਾਰਡਰ ਏਜੰਸੀ ਦੇ ਅਫ਼ਸਰਾਂ ਵੱਲੋਂ ਹਵਾਈ ਅੱਡਿਆਂ ਤੋਂ ਹੀ ਵਾਪਸ ਭੇਜੇ ਜਾਣ ਦੇ ਮਾਮਲਿਆਂ ਵਿਚ ਵਾਧਾ ਹੋਇਆ ਹੈ। ਵੱਖ-ਵੱਖ ਕੈਨੇਡੀਅਨ ਸਫ਼ਾਰਤਖਾਨਿਆਂ ਵੱਲੋਂ ਵੱਡੀ ਗਿਣਤੀ ਵਿਚ ਸੈਰ-ਸਪਾਟਾ ਵੀਜ਼ਾ ਜਾਰੀ ਕੀਤੇ ਗਏ ਹਨ ਤੇ ਲੋਕਾਂ ਵੱਲੋਂ ਇਨ੍ਹਾਂ ਦੀ ਦੁਰਵਰਤੋਂ ਕੀਤੇ ਜਾਣ ਦੇ ਮਾਮਲੇ ਸਾਹਮਣੇ ਆਉਣ ਮਗਰੋਂ ਏਜੰਸੀ ਹੁਣ ਸਖ਼ਤੀ ਵਰਤ ਰਹੀ ਹੈ। ਸੈਲਾਨੀ ਵੀਜ਼ਾ ਧਾਰਕਾਂ ਦੇ ਨਾਲ ਵਿਦਿਆਰਥੀ ਵੀਜ਼ੇ ’ਤੇ ਆਉਣ ਵਾਲਿਆਂ ਨਾਲ ਵੀ ਸਖ਼ਤੀ ਵਰਤੀ ਜਾਣ ਲੱਗੀ ਹੈ। ਕੈਨੇਡੀਅਨ ਬਾਰਡਰ ਸਰਵਿਸ ਦੇ ਅਧਿਕਾਰੀਆਂ ਵੱਲੋਂ ਹਵਾਈ ਅੱਡੇ ’ਤੇ ਮੁਲਕ ਵਿਚ ਦਾਖ਼ਲਾ ਦੇਣ ਵੇਲੇ ਸੈਲਾਨੀਆਂ ਨੂੰ ਉਨ੍ਹਾਂ ਦੀ ਆਮਦ ਦੇ ਮਕਸਦ ਬਾਰੇ ਸਵਾਲ ਪੁੱਛੇ ਜਾ ਰਹੇ ਹਨ। ਇਸ ਦੌਰਾਨ ਕਈ ਵਿਅਕਤੀ ਇਨ੍ਹਾਂ ਦਾ ਢੁੱਕਵਾਂ ਉੱਤਰ ਨਹੀਂ ਦੇ ਪਾ ਰਹੇ ਤੇ ਉਨ੍ਹਾਂ ਨੂੰ ਮੋੜਿਆ ਜਾ ਰਿਹਾ ਹੈ। ਇਸੇ ਤਰ੍ਹਾਂ ਆਈਲੈਟਸ ਕਰਕੇ ਵਿਦਿਆਰਥੀ ਵੀਜ਼ੇ ’ਤੇ ਕੈਨੇਡਾ ਆਉਣ ਵਾਲਿਆਂ ਦੀ ਅੰਗਰੇਜ਼ੀ ਭਾਸ਼ਾ ’ਤੇ ਪਕੜ ਵੀ ਪਰਖ਼ੀ ਜਾ ਰਹੀ ਹੈ। ਹਾਲਾਂਕਿ ਬਾਰਡਰ ਏਜੰਸੀ ਇਸ ਸਬੰਧੀ ਅੰਕੜੇ ਨਸ਼ਰ ਨਹੀਂ ਕਰ ਰਹੀ। ਵੇਰਵਿਆਂ ਮੁਤਾਬਕ ਨਵੰਬਰ ’ਚ ਵੈਨਕੂਵਰ ਤੋਂ ਸਿਰਫ਼ ਇਕ ਵਿਦਿਆਰਥੀ ਨੂੰ ਅੰਗਰੇਜ਼ੀ ਦੀ ਸਮਝ ਲੋੜ ਮੁਤਾਬਕ ਨਾ ਹੋਣ ਕਾਰਨ ਮੋੜਿਆ ਗਿਆ ਸੀ, ਪਰ ਦਸੰਬਰ ’ਚ ਹੁਣ ਤੱਕ ਅਜਿਹੇ ਪੰਜ ਮਾਮਲੇ ਸਾਹਮਣੇ ਆਏ ਹਨ। ਇਸੇ ਤਰ੍ਹਾਂ ਸੈਲਾਨੀ ਵੀਜ਼ੇ ਜਾਂ ਕਿਸੇ ਰਿਸ਼ਤੇਦਾਰ ਦੇ ਸਮਾਗਮ ’ਚ ਸ਼ਾਮਲ ਹੋਣ ਆਏ ਲੋਕਾਂ ਤੋਂ ਵੀ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਬਾਰਡਰ ਏਜੰਸੀ ਹੁਣ ਛੇ ਮਹੀਨੇ ਦੀ ਥਾਂ ਕੁਝ ਦਿਨਾਂ ਦਾ ਜਾਂ ਮਹੀਨੇ-ਦੋ ਮਹੀਨੇ ਦਾ ਦਾਖ਼ਲਾ ਵੀ ਦੇ ਰਹੀ ਹੈ। ਪਹਿਲੀ ਵਾਰ ਪੰਜ ਮਹੀਨੇ ਜਾਂ ਵੱਧ ਰਹਿ ਕੇ ਮੁੜਨ ਵਾਲੇ ਸੈਲਾਨੀਆਂ ਨੂੰ ਦੂਜੀ ਵਾਰ ਦਾਖ਼ਲਾ ਲੈਣਾ ਵੀ ਹੁਣ ਸੁਖਾਲਾ ਨਹੀਂ ਰਹਿ ਗਿਆ। ਜਾਣਕਾਰੀ ਮੁਤਾਬਕ ਰੋਜ਼ਾਨਾ ਇਕ ਵਿਅਕਤੀ ਨੂੰ ਮੋੜਿਆ ਜਾ ਰਿਹਾ ਹੈ।