ਲੰਡਨ, 10 ਜੁਲਾਈ : ਪੱਤਰਕਾਰਾਂ ਲਈ ਵਧੇਰੇ ਸੁਰੱਖਿਆ ਵਾਸਤੇ ਕੈਨੇਡਾ ਤੇ ਬ੍ਰਿਟੇਨ ਪੂਰਾ ਜੋ਼ਰ ਲਾ ਰਹੇ ਹਨ। ਦੋਵਾਂ ਦੇਸ਼ਾਂ ਦਾ ਕਹਿਣਾ ਹੈ ਕਿ ਫਰੀ ਪ੍ਰੈੱਸ ਤਾਕਤ ਦੀ ਦੁਰਵਰਤੋਂ ਤੋਂ ਸਮਾਜ ਨੂੰ ਬਚਾਉਂਦੀ ਹੈ।
ਯੂਕੇ ਦੇ ਵਿਦੇਸ਼ ਮੰਤਰੀ ਜੈਰੇਮੀ ਹੰਟ ਤੇ ਕੈਨੇਡਾ ਦੀ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਵੱਲੋਂ ਬੁੱਧਵਾਰ ਨੂੰ ਦੋ ਰੋਜ਼ਾ ਕਾਨਫਰੰਸ ਦੀ ਸ਼ੁਰੂਆਤ ਕੀਤੀ ਗਈ। ਇਹ ਦੋ ਰੋਜਾ ਕਾਨਫਰੰਸ ਬੁੱਧਵਾਰ ਤੋਂ ਲੰਡਨ ਵਿੱਚ ਹੋ ਰਹੀ ਹੈ ਜਿਸ ਵਿੱਚ 100 ਤੋਂ ਵੀ ਵੱਧ ਦੇਸਾਂ ਦੇ ਸਿਆਸਤਦਾਨਾਂ, ਅਧਿਕਾਰੀਆਂ, ਕਾਰਕੁੰਨਾਂ ਤੇ ਪੱਤਰਕਾਰਾਂ ਵੱਲੋਂ ਹਿੱਸਾ ਲਿਆ ਜਾ ਰਿਹਾ ਹੈ। ਬ੍ਰਿਟਿਸ ਸਰਕਾਰ ਨੇ ਆਖਿਆ ਕਿ ਸਪੁਤਨਿਕ ਤੇ ਆਰਟੀ ਨੂੰ ਇਸ ਲਈ ਰੋਕਿਆ ਗਿਆ ਸੀ ਕਿਉਂਕਿ ਉਹ ਗਲਤ ਜਾਣਕਾਰੀ ਦੇਣ ਵਿੱਚ ਅਹਿਮ ਭੂਮਿਕਾ ਨਿਭਾਅ ਰਹੇ ਸਨ।
ਰੂਸ ਦੀ ਮਲਕੀਅਤ ਵਾਲੀ ਆਰਟੀ ਨੂੰ ਪਿਛਲੇ ਸਾਲ ਬ੍ਰਿਟੇਨ ਦੇ ਬ੍ਰੌਡਕਾਸਟ ਰੈਗੂਲੇਟਰ ਵੱਲੋਂ ਇਸ ਲਈ ਸੈਂਸਰ ਕਰ ਦਿੱਤਾ ਗਿਆ ਸੀ ਕਿਉਂਕਿ ਉਨ੍ਹਾਂ ਵੱਲੋਂ ਯੂਕੇ ਦੇ ਨਿਰਪੱਖਤਾ ਸਬੰਧੀ ਨਿਯਮਾਂ ਨੂੰ ਤੋੜਿਆ ਗਿਆ ਸੀ। ਉਨ੍ਹਾਂ ਵੱਲੋਂ ਇੰਗਲੈਂਡ ਵਿੱਚ ਰੂਸ ਦੇ ਸਾਬਕਾ ਜਾਸੂਸ ਨੂੰ ਜਹਿਰ ਦੇ ਕੇ ਮਾਰੇ ਜਾਣ ਦੀ ਖਬਰ ਦੀ ਕਵਰੇਜ ਵਿੱਚ ਇਨ੍ਹਾਂ ਨਿਯਮਾਂ ਦੀ ਉਲੰਘਣਾ ਕੀਤੀ ਸੀ।