ਟੋਰਾਂਟੋ — ਕੈਨੇਡਾ ‘ਚ ਬਹੁਤ ਉਤਸ਼ਾਹ ਨਾਲ ਇਸ ਸਾਲ ਵੀ ਟੋਰਾਂਟੋ ਕੌਮਾਂਤਰੀ ਫਿਲਮ ਉਤਸਵ (ਟਿਫ) ਮਨਾਇਆ ਜਾ ਰਿਹਾ ਹੈ। ਇਸ 43ਵੇਂ ਫਿਲਮ ਉਤਸਵ ‘ਚ ਇਕ ਤਰ੍ਹਾਂ ਨਾਲ ਭਾਰਤੀ ਫਿਲਮਾਂ ਦਾ ਮੇਲਾ ਲੱਗੇਗਾ, ਕਿਉਂਕਿ ਇੱਥੇ ਕਈ ਭਾਰਤੀ ਫਿਲਮਾਂ ਦਿਖਾਈਆਂ ਜਾਣਗੀਆਂ। ਇਹ ਫਿਲਮ ਉਤਸਵ 6 ਤੋਂ 16 ਸਤੰਬਰ ਦਰਮਿਆਨ ਆਯੋਜਿਤ ਹੋਵੇਗਾ। ਇਸ ਤੋਂ ਇਲਾਵਾ ਫਿਲਮ ਉਤਸਵ ‘ਚ ਭਾਰਤੀ ਉੁਪ ਮਹਾਦੀਪ ‘ਚ ਦਿਖਾਈਆਂ ਗਈਆਂ 3 ਕੌਮਾਂਤਰੀ ਫਿਲਮਾਂ ਦੀ ਵੀ ਸਕ੍ਰੀਨਿੰਗ ਕੀਤੀ ਜਾਵੇਗੀ, ਜਿਨ੍ਹਾਂ ‘ਚ ਬ੍ਰਿਟਿਸ਼ ਡਾਇਰੈਕਟਰ ਮਾਈਕਲ ਵਿੰਟਰਬੋਟਮ ਦੀ ‘ਦਿ ਵੈਡਿੰਗ ਗੈਸਟ’ ਫਰਾਂਸੀਸੀ ਫਿਲਮਕਾਰ ਮੀਆ ਹੇਨਸੇਨ-ਲਵ ਦੀ ‘ਮਾਇਆ’ ਅਤੇ ਆਸਟ੍ਰੇਲੀਆਈ ਫਿਲਮਕਾਰ ਐਂਥਨੀ ਮਰਾਸ ਦੀ ਪਹਿਲੀ ਫਿਲਮ ‘ਹੋਟਲ ਮੁੰਬਈ’ ਸ਼ਾਮਲ ਹਨ।
ਗਿਆਰਾਂ ਦਿਨਾਂ ਦੇ ਇਸ ਫਿਲਮ ਉਤਸਵ ‘ਚ ਤਕਰੀਬਨ 11 ਭਾਰਤੀ ਫਿਲਮਾਂ ਦਿਖਾਈਆਂ ਜਾਣਗੀਆਂ। ‘ਦਿ ਵੈਡਿੰਗ ਗੈਸਟ’ ਅਤੇ ‘ਹੋਟਲ ਮੁੰਬਈ’ ਦੋਵੇਂ ਹੀ ਫਿਲਮਾਂ 2008 ਦੇ ਮੁੰਬਈ ਅੱਤਵਾਦੀ ਹਮਲੇ ‘ਤੇ ਕੇਂਦਰਿਤ ਹੈ। ‘ਹੋਟਲ ਮੁੰਬਈ’ ਵਿਚ ਭਾਰਤੀ ਮੂਲ ਦੇ ਮਸ਼ਹੂਰ ਹਾਲੀਵੁੱਡ ਅਭਿਨੇਤਾ ਦੇਵ ਪਟੇਲ ਹਨ।
ਟੋਰਾਂਟੋ ਕੌਮਾਂਤਰੀ ਫਿਲਮ ਉਤਸਵ ‘ਚ ਦਿਖਾਈਆਂ ਜਾਣ ਵਾਲੀਆਂ ਮੁੱਖ ਭਾਰਤੀ ਫਿਲਮਾਂ ‘ਚ ਅਨੁਰਾਗ ਕਸ਼ਯਪ ਦੀ ‘ਮਨਮਰਜ਼ੀਆਂ’, ਨੰਦਿਤਾ ਦਾਸ ਦੀ ‘ਮੰਟੋ’, ਰੀਮਾ ਦਾਸ ਦੀ ਫਿਲਮ ‘ਬੁਲਬੁਲ ਕੈਨ ਸਿੰਗ’ ਅਤੇ ਰੀਤੂ ਸਰੀਨ ਅਤੇ ਤੇਜਿੰਗ ਸੋਨਮ ਦੀ ‘ਦਿ ਸਵੀਟ ਰੈਕਵੀਮ’ ਸ਼ਾਮਲ ਹਨ। ਇਸ ਦੇ ਨਾਲ ਹੀ ਮਸ਼ਹੂਰ ਡਾਕੂਮੈਂਟਰੀ ਫਿਲਮਕਾਰ ਆਨੰਦ ਪਟਵਰਧਨ ਦੀ ਫਿਲਮ ‘ਵਿਵੇਕ’ ਦੀ ਵੀ ਇੱਥੇ ਸਕ੍ਰੀਨਿੰਗ ਕੀਤੀ ਜਾਵੇਗੀ। 4 ਘੰਟੇ 20 ਮਿੰਟ (260) ਮਿੰਟ ਦੀ ਫਿਲਮ ਭਾਰਤ ਦੇ ਮੌਜੂਦਾ ਸਿਆਸੀ ਮਾਹੌਲ ‘ਤੇ ਕੇਂਦਰਿਤ ਹੈ।