ਟੋਰਾਂਟੋ— ਸੇਂਟ ਮਾਈਕਲਜ਼ ਕਾਲਜ ਸਕੂਲ ਦੇ ਛੇ ਵਿਦਿਆਰਥੀਆਂ ਨੂੰ ਹਮਲਾ ਕਰਨ ਤੇ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ਾਂ ਤਹਿਤ ਚਾਰਜ ਕੀਤਾ ਗਿਆ। ਇਹ ਸਕੂਲ ਸਿਰਫ ਲੜਕਿਆਂ ਲਈ ਹੀ ਪ੍ਰਾਈਵੇਟ ਸਕੂਲ ਹੈ ਤੇ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਣ ਕਾਰਨ ਪਿਛਲੇ ਕੁਝ ਦਿਨਾਂ ਤੋਂ ਚਰਚਾ ‘ਚ ਹੈ।

ਟੋਰਾਂਟੋ ਪੁਲਸ ਦੇ ਡਿਪਟੀ ਚੀਫ ਜੇਮਜ਼ ਰੇਮਰ ਤੇ ਸੈਕਸ ਕ੍ਰਾਈਮ ਯੂਨਿਟ ਦੇ ਇੰਸਪੈਕਟਰ ਡੌਮੀਨਿਕ ਸਿਨੋਪੋਲੀ ਨੇ ਸੋਮਵਾਰ ਨੂੰ ਪੁਲਸ ਹੈੱਡਕੁਆਰਟਰਜ਼ ‘ਚ ਰੱਖੀ ਗਈ ਨਿਊਜ਼ ਕਾਨਫਰੰਸ ‘ਚ ਪੱਤਰਕਾਰਾਂ ਨੂੰ ਦੱਸਿਆ ਕਿ ਪੰਜ ਵਿਦਿਆਰਥੀ ਨੇ ਤਾਂ ਪੁਲਸ ਕੋਲ ਆਤਮ ਸਮਰਪਣ ਕਰ ਦਿੱਤਾ ਜਦਕਿ ਇੱਕ ਨੂੰ ਸਕੂਲ ਜਾਂਦੇ ਸਮੇਂ ਰਾਹ ‘ਚ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਛੇ ਲੜਕਿਆਂ ‘ਤੇ ਹਮਲਾ ਕਰਨ, ਗੈਂਗ ਬਣਾ ਕੇ ਜਿਨਸੀ ਹਮਲਾ ਕਰਨ ਤੇ ਹਥਿਆਰਾਂ ਦੀ ਵਰਤੋਂ ਕਰਕੇ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਲੱਗੇ ਹਨ।

ਇਨ੍ਹਾਂ ਦੇ ਚਾਰਜ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਗਈ ਇਕ ਘਟਨਾ ਦੇ ਸਬੰਧ ‘ਚ ਹਨ ਜਿਸ ‘ਚ ਇਕ ਟੀਨੇਜਰ ਲੜਕੇ ‘ਤੇ ਕਥਿਤ ਜਿਨਸੀ ਹਮਲਾ ਹੁੰਦਾ ਵਿਖਾਇਆ ਗਿਆ ਹੈ। ਇਸ 22 ਸੈਕਿੰਡ ਦੀ ਵੀਡੀਓ ‘ਚ ਨਜ਼ਰ ਆ ਰਿਹਾ ਹੈ ਕਿ ਇਕ ਲੜਕੇ ਨੂੰ ਕੁਝ ਹੋਰਨਾਂ ਲੜਕਿਆਂ ਦੇ ਗਰੁੱਪ ਵੱਲੋਂ ਲਾਕਰ ਰੂਮ ਵਿੱਚ ਫੜ੍ਹ ਲਿਆ ਗਿਆ ਤੇ ਉਸ ਉੱਤੇ ਝਾੜੂ ਵਾਲੇ ਡੰਡੇ ਨਾਲ ਜਿਨਸੀ ਹਮਲਾ ਕੀਤਾ ਗਿਆ। ਜਿਨ੍ਹਾਂ ਲੜਕਿਆਂ ‘ਤੇ ਚਾਰਜ ਲੱਗੇ ਹਨ ਉਹ ਸਾਰੇ ਨਾਬਾਲਗ ਹਨ ਤੇ ਯੂਥ ਕ੍ਰਿਮੀਨਲ ਜਸਟਿਸ ਐਕਟ ਤਹਿਤ ਉਨ੍ਹਾਂ ਦੀ ਪਛਾਣ ਜਾਹਿਰ ਨਹੀਂ ਕੀਤੀ ਜਾ ਸਕਦੀ।

ਪੁਲਸ ਸਕੂਲ ‘ਚ ਹੀ ਵਾਪਰੀਆਂ ਤਿੰਨ ਹੋਰਨਾਂ ਘਟਨਾਵਾਂ ਦੀ ਵੀ ਜਾਂਚ ਕਰ ਰਹੀ ਹੈ, ਇਸ ਮਾਮਲੇ ‘ਚ ਚਾਰ ਲੜਕੇ ਘਟਨਾ ਦਾ ਸ਼ਿਕਾਰ ਹੋਏ ਦੱਸੇ ਜਾਂਦੇ ਹਨ। ਸਿਨੋਪੋਲੀ ਨੇ ਆਖਿਆ ਕਿ ਸਾਨੂੰ ਇਹ ਜਾਣਕਾਰੀ ਵੀ ਹੈ ਕਿ ਕੁਝ ਹੋਰ ਵੀਡੀਓਜ਼ ਵੀ ਆਨਲਾਈਨ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਸੋਮਵਾਰ ਨੂੰ ਹੋਣ ਵਾਲੀ ਇਹ ਨਿਊਜ਼ ਕਾਨਫਰੰਸ ਸਕੂਲ ‘ਚ ਬੰਬ ਹੋਣ ਦੀ ਧਮਕੀ ਕਾਰਨ ਥੋੜ੍ਹੀ ਦੇਰ ਨਾਲ ਸ਼ੁਰੂ ਹੋਈ। ਸੇਂਟ ਮਾਈਕਲਜ਼ ਕਾਲਜ ਸਕੂਲ ਦੇ ਪ੍ਰਿੰਸੀਪਲ ਗ੍ਰੈੱਗ ਰੀਵਜ਼ ਨੇ ਵੀ ਇਸ ਕਾਨਫਰੰਸ ‘ਚ ਹਿੱਸਾ ਲੈਣਾ ਸੀ ਪਰ ਬੰਬ ਦੀ ਖਬਰ ਮਿਲਣ ਤੋਂ ਬਾਅਦ ਉਹ ਸਕੂਲ ਪਰਤ ਗਏ। ਇਨ੍ਹਾਂ ਛੇ ਲੜਕਿਆਂ ਨੂੰ ਸੋਮਵਾਰ ਨੂੰ ਟੋਰਾਂਟੋ ਦੀ ਅਦਾਲਤ ‘ਚ ਪੇਸ਼ ਕੀਤਾ ਜਾਣਾ ਸੀ।