ਓਂਟਾਰੀਓ: ਕੈਨੇਡਾ ਵਿੱਚ ਪੀਲ ਰੀਜਨਲ ਪੁਲਿਸ ਵੱਲੋਂ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਖੇਤਰ ਵਿੱਚ ਕਰਿਆਨੇ ਦੀਆਂ ਦੁਕਾਨਾਂ ਤੋਂ ਮੱਖਣ ਦੀਆਂ ਚੋਰੀਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ, ਜਿਸ ਨਾਲ 60,000 ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਜਾਣਕਾਰੀ ਅਨੁਸਾਰ ਪੀਲ ਇਲਾਕੇ ‘ਚ ਮੱਖਣ ਅਤੇ ਘਿਓ ਦੀ ਵੱਡੇ ਪੱਧਰ ‘ਤੇ ਚੋਰੀ ਦੀ ਚੱਲ ਰਹੀ ਜਾਂਚ ਦੇ ਤਹਿਤ ਪੁਲਿਸ ਨੇ ਛੇ ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਦਸ ਦਈਏ ਕਿ ਓਂਟਾਰੀਓ ਵਿੱਚ ਛੇ ਪੰਜਾਬੀ ਫੜੇ ਗਏ ਹਨ ਜੋ ਸਟੋਰਾਂ ਤੋਂ ਘਿਓ ਤੇ ਮੱਖਣ ਚੋਰੀ ਕਰਦੇ ਸੀ। ਇਹ ਘਿਓ ਚੋਰ ਕੋਈ ਮਾੜੀ ਮੋਟੀ ਚੋਰੀ ਨਹੀਂ ਕਰਦੇ ਸੀ ਸਗੋਂ ਇਨ੍ਹਾਂ ਨੇ 36 ਲੱਖ ਰੁਪਏ ਦਾ ਘਿਓ ਤੇ ਮੱਖਣ ਚੁਰਾਇਆ ਹੈ। ਇਹ ਖਬਰ ਸਾਹਮਣੇ ਆਉਣ ਤੋਂ ਮਗਰੋਂ ਲੋਕ ਹੈਰਾਨ ਹਨ ਕਿ ਇਹ ਆਖਿਰ ਘਿਓ ਤੇ ਮੱਖਣ ਹੀ ਕਿਉਂ ਚੁਰਾਉਂਦੇ ਸੀ। ਸੋਸ਼ਲ ਮੀਡੀਆ ਉਪਰ ਇਸ ਨੂੰ ਲੈ ਕੇ ਕਾਫੀ ਗਹਿਮਾ-ਗਹਿਮੀ ਨਜ਼ਰ ਆ ਰਹੀ ਹੈ।
ਉਨ੍ਹਾਂ ਦੱਸਿਆ ਕਿ ਕਥਿਤ ਚੋਰੀ ਦਾ ਭੇਤ ਸੁਲਝਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਿਸ ਤੋਂ ਬਾਅਦ ਪੀਲ ਰੀਜਨਲ ਪੁਲਿਸ ਨੇ ਛੇ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਨੌਜਵਾਨਾਂ ‘ਤੇ ਪਿਛਲੇ ਸਾਲ ਵੱਖ-ਵੱਖ ਦੁਕਾਨਾਂ ਤੋਂ 60,000 ਡਾਲਰ (36 ਲੱਖ ਰੁਪਏ) ਦਾ ਘਿਓ ਅਤੇ ਮੱਖਣ ਚੋਰੀ ਕਰਨ ਦਾ ਦੋਸ਼ ਹੈ। ਪੀਲ ਪੁਲਿਸ ਵੱਲੋਂ ਚੋਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਪੰਜਾਬੀਆਂ ਦੀ ਪਛਾਣ ਸੁਖਮੰਦਰ ਸਿੰਘ (23), ਦਲਵਾਲ ਸਿੱਧੂ (28), ਨਵਦੀਪ ਚੌਧਰੀ (28), ਕਮਲਦੀਪ ਸਿੰਘ (38), ਵਿਸ਼ਵਜੀਤ ਸਿੰਘ (22) ਅਤੇ ਹਰਕੀਰਤ ਸਿੰਘ (25) ਵਜੋਂ ਹੋਈ ਹੈ। ਇਨ੍ਹਾਂ ਵਿੱਚੋਂ ਤਿੰਨ ਬਰੈਂਪਟਨ ਦੇ ਵਸਨੀਕ ਹਨ ਜਦੋਂਕਿਬਾਕੀਆਂ ਦਾ ਕੋਈ ਪੱਕਾ ਪਤਾ ਨਹੀਂ ਹੈ।
ਪੁਲਿਸ ਅਨੁਸਾਰ ਇਨ੍ਹਾਂ ਨੇ ਪਿਛਲੇ ਸਾਲ ਬਰੈਂਪਟਨ ਦੇ ਕਰਿਆਨਾ ਸਟੋਰਾਂ ਚੋਂ ਕਈ ਵਾਰ ਮੱਖਣ ਤੇ ਘਿਉ ਚੋਰੀ ਕੀਤਾ ਤੇ ਉੱਥੋਂ ਬਚ ਨਿਕਲਦੇ ਰਹੇ। ਸਟੋਰ ਮਾਲਕਾਂ ਵੱਲੋਂ ਚੋਰੀ ਦੀਆਂ ਘਟਨਾਵਾਂ ਵਿੱਚ ਵਾਧਾ ਦਰਜ ਕਰਵਾਉਣ ਕਾਰਨ ਪੁਲਿਸ ਨੇ ਵਿਸ਼ੇਸ਼ ਜਾਂਚ ਟੀਮ ਗਠਿਤ ਕੀਤੀ ਤੇ ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਬੁਲਾਰੇ ਨੇ ਦੱਸਿਆ ਪੁੱਛਗਿੱਛ ਦੌਰਾਨ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਇਹ ਵੱਡੇ ਪੱਧਰ ਤੇ ਘਿਓ ਤੇ ਮੱਖਣ ਚੋਰੀ ਕਰਕੇ ਕਿਸ ਸਟੋਰ ਮਾਲਕ ਨੂੰ ਵੇਚਦੇ ਸਨ ਤਾਂ ਕਿ ਉਸ ਨੂੰ ਵੀ ਮਾਮਲੇ ਵਿੱਚ ਸ਼ਾਮਿਲ ਕੀਤਾ ਜਾ ਸਕੇ।