ਪਿਛਲੇ ਮਹੀਨੇ ਗ੍ਰੇਟਰ ਟੋਰਾਂਟੋ ਏਰੀਆ (GTA) ਵਿੱਚ ਇੱਕ ਸਿੱਖ ਕਾਰੋਬਾਰੀ ਹਰਜੀਤ ਸਿੰਘ ਢੱਡਾ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਡੈਲਟਾ, ਬ੍ਰਿਟਿਸ਼ ਕੋਲੰਬੀਆ ਤੋਂ ਦੋ 21 ਸਾਲਾ ਭਾਰਤੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਗ੍ਰਿਫ਼ਤਾਰੀ ਪੀਲ ਰੀਜਨਲ ਪੁਲਿਸ (PRP) ਵੱਲੋਂ ਕੀਤੀ ਗਈ ਹੈ ਜਿਨ੍ਹਾਂ ਦੀ ਪਛਾਣ ਅਮਨ ਅਮਨ ਅਤੇ ਦਿਗਵਿਜੈ ਦਿਗਵਿਜੈ ਵਜੋਂ ਹੋਈ ਹੈ।

ਦੱਸ ਦੇਈਏ ਕਿ ਮਿਸੀਸਾਗਾ ਵਿਖੇ ਇੱਕ ਪਾਰਕਿੰਗ ਵਿੱਚ 14 ਮਈ ਨੂੰ ਦੁਪਹਿਰ ਨੂੰ ਬ੍ਰੈਂਪਟਨ ਦੇ ਰਹਿਣ ਵਾਲੇ 51 ਸਾਲਾ ਕਾਰੋਬਾਰੀ ਹਰਜੀਤ ਢੱਡਾ ‘ਤੇ ਇੱਕ ਸ਼ੱਕੀ ਵਿਅਕਤੀ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ। ਜਿਸ ਤੋਂ ਬਾਅਦ ਉਸਨੂੰ ਜ਼ਖਮੀ ਹਾਲਤ ਵਿੱਚ ਸਥਾਨਕ ਹਸਪਤਾਲ ਲਿਜਾਇਆ ਗਿਆ ਪਰ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਉਸਨੇ ਦਮ ਤੋੜ ਦਿੱਤਾ। ਸ਼ੱਕੀ ਇੱਕ ਚੋਰੀ ਹੋਏ 2018 ਬਲੈਕ ਡੌਜ ਚੈਲੇਂਜਰ ਵਿੱਚ ਭੱਜ ਗਿਆ, ਜੋ ਕਿ ਘਟਨਾ ਤੋਂ ਥੋੜ੍ਹੀ ਦੇਰ ਬਾਅਦ ਬਰਾਮਦ ਕਰ ਲਿਆ ਗਿਆ ਸੀ।
ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਇੱਕ ਡੂੰਘੀ ਜਾਂਚ ਤੋਂ ਬਾਅਦ ਦੋ ਸ਼ੱਕੀਆਂ ਦੀ ਪਛਾਣ ਕੀਤੀ ਗਈ ਅਤੇ ਬ੍ਰਿਟਿਸ਼ ਕੋਲੰਬੀਆ ਦੇ ਡੈਲਟਾ ਸ਼ਹਿਰ ਵਿੱਚ ਉਨ੍ਹਾਂ ਦਾ ਪਤਾ ਲਗਾਇਆ ਗਿਆ। 28 ਮਈ ਨੂੰ ਡੈਲਟਾ ਪੁਲਿਸ ਵਿਭਾਗ, ਐਬਟਸਫੋਰਡ ਪੁਲਿਸ, ਸਰੀ ਪੁਲਸ ਅਤੇ ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਦੇ ਅਧਿਕਾਰੀਆਂ ਦੀ ਸਹਾਇਤਾ ਨਾਲ ਪੀਲ ਰੀਜਨਲ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਵੱਲੋਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।