ਓਨਟਾਰੀਓ/ਮਿਸੀਸਾਗਾ— ਕੈਨੇਡਾ ਦੇ ਸ਼ਹਿਰ ਮਿਸੀਸਾਗਾ ‘ਚ ਇਕ ਭਾਰਤੀ ਰੈਸਟੋਰੈਂਟ ਵਿਚ ਬੰਬ ਧਮਾਕਾ ਕੀਤਾ ਗਿਆ, ਜਿਸ ਕਾਰਨ 15 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ‘ਚੋਂ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਧਮਾਕਾ ਵੀਰਵਾਰ ਦੀ ਰਾਤ ਨੂੰ ਸਥਾਨਕ ਸਮੇਂ ਅਨੁਸਾਰ ਤਕਰੀਬਨ 10.30 ਵਜੇ ਦੇ ਕਰੀਬ ਹੋਇਆ। ਧਮਾਕਾ ਹੋਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।ਇਹ ਧਮਾਕਾ ਮਿਸੀਸਾਗਾ ਦੇ ਸ਼ਹਿਰ ‘ਚ ਸਥਿਤ ਬਾਂਬੇ ਬੇਲ ਰੈਸਟੋਰੈਂਟ ਵਿਚ ਹੋਇਆ। ਇਹ ਰੈਸਟੋਰੈਂਟ ਹੁਰੋਂਟਾਰੀਓ ਸਟਰੀਟ ਅਤੇ ਐਗਲਿੰਗਟਨ ਐਵੇਨਿਊ ਈਸਟ ਦੇ ਇਲਾਕੇ ਵਿਚ ਸਥਿਤ ਹੈ। ਕੈਨੇਡੀਅਨ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਤਕਰੀਬਨ 10.30 ਵਜੇ ਘਟਨਾ ਦੀ ਸੂਚਨਾ ਮਿਲੀ। ਉਨ੍ਹਾਂ ਦੱਸਿਆ ਕਿ ਧਮਾਕੇ ਦੀ ਸੂਚਨਾ ਮਿਲਦੇ ਹੀ ਉਹ ਘਟਨਾ ਵਾਲੀ ਥਾਂ ‘ਤੇ ਪੁੱਜੇ ਅਤੇ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਾਇਆ ਗਿਆ। ਧਮਾਕੇ ਦੇ ਸਮੇਂ ਰੈਸਟੋਰੈਂਟ ਅੰਦਰ ਮੌਜੂਦ ਲੋਕ ਡਿਨਰ ਕਰ ਰਹੇ ਸਨ।ਪੁਲਸ ਨੇ ਟਵੀਟ ਕਰ ਕੇ ਕਿਹਾ ਕਿ ਦੋ ਅਣਪਛਾਤੇ ਲੋਕ ਰੈਸਟੋਰੈਂਟ ‘ਚ ਦਾਖਲ ਹੋਏ ਅਤੇ ਉਨ੍ਹਾਂ ਨੇ ਧਮਾਕਾ ਕੀਤਾ। ਧਮਾਕਾ ਕਰਨ ਮਗਰੋਂ ਉਹ ਦੋਵੇਂ ਉੱਥੋਂ ਫਰਾਰ ਹੋ ਗਏ। ਇਨ੍ਹਾਂ ਦੋਹਾਂ ਦਾ ਪਤਾ ਸੀ. ਸੀ. ਟੀ. ਵੀ. ਤੋਂ ਲੱਗਾ ਹੈ। ਦੋਹਾਂ ਸ਼ੱਕੀਆਂ ਦਾ ਪਹਿਰਾਵਾ ਲੱਗਭਗ ਇਕੋ ਜਿਹਾ ਹੈ। ਇਨ੍ਹਾਂ ‘ਚ ਇਕ 5 ਫੁੱਟ 10 ਇੰਚ ਦਾ ਪੁਰਸ਼ ਹੈ। ਉਸ ਨੇ ਨੀਲੇ ਰੰਗ ਦੀ ਜੀਨਸ ਨਾਲ ਜੈਕਟ ਅਤੇ ਬੇਸਬਾਲ ਕੈਪ ਨਾਲ ਸਿਰ ਨੂੰ ਢੱਕਿਆ ਹੋਇਆ ਹੈ। ਉਸ ਨੇ ਆਪਣੇ ਚਿਹਰੇ ਨੂੰ ਕਾਲੇ ਰੰਗ ਦੇ ਕੱਪੜੇ ਨੂੰ ਢੱਕਿਆ ਹੋਇਆ ਹੈ।ਦੂਜਾ ਸ਼ੱਕੀ ਪੁਰਸ਼ 5 ਫੁੱਟ 9 ਇੰਚ ਦਾ ਹੈ, ਉਹ ਥੋੜ੍ਹਾ ਪਤਲਾ ਹੈ ਅਤੇ ਉਸ ਨੇ ਵੀ ਆਪਣੇ ਸਿਰ ਪੂਰੀ ਤਰ੍ਹਾਂ ਨਾਲ ਢੱਕਿਆ ਹੋਇਆ ਹੈ। ਦੋਵੇਂ ਰੈਸਟੋਰੈਂਟ ਦੇ ਅੰਦਰ ਜਾ ਰਹੇ ਹਨ ਅਤੇ ਉਨ੍ਹਾਂ ਦੇ ਹੱਥ ‘ਚ ਕੁਝ ਸਾਮਾਨ ਹੈ। ਪੁਲਸ ਨੇ ਦੱਸਿਆ ਕਿ ਕਿਸੇ ਵੀ ਸੰਗਠਨ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।