ਵੈਨਕੂਵਰ, 20  ਜਨਵਰੀ

ਭਾਰਤ ਦੇ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਲਾਏ ਮੋਰਚੇ ਦੇ ਹੱਕ ਵਿੱਚ ਅੱਜ ਇੱਥੋਂ ਦੇ ਸ਼ਹਿਰ ਲੈਂਗਲੀ ਵਿੱਚ ਟਰੈਕਟਰ ਰੈਲੀ ਕੱਢੀ ਗਈ। ਇਸ ਰੈਲੀ ਵਿੱਚ ਸੈਂਕੜੇ ਕਿਸਾਨ ਆਪਣੇ ਟਰੈਕਟਰਾਂ ’ਤੇ ਕਿਸਾਨੀ ਝੰਡੇ ਲਾ ਕੇ ਸ਼ਾਮਲ ਹੋਏ। ਇੱਥੋਂ ਦੇ ਕਾਨੂੰਨਾਂ ਅਨੁਸਾਰ ਸਾਰੇ ਟਰੈਕਟਰ ਮਾਲਕਾਂ ਨੇ ਆਪਣੇ ਟਰੈਕਟਰ ਸੜਕਾਂ ’ਤੇ ਲਿਆਉਣ ਲਈ ਪਹਿਲਾਂ ਟਰੈਕਟਰਾਂ ਦਾ ਦੋ ਦਿਨਾਂ ਦਾ ਬੀਮਾ ਕਰਵਾ ਲਿਆ ਸੀ। ਰੈਲੀ ਲਈ ਰੂਟ ਉਲੀਕ ਕੇ ਪ੍ਰਸ਼ਾਸਨ ਤੋਂ ਕੁਝ ਦਿਨ ਪਹਿਲਾਂ ਹੀ ਮਨਜ਼ੂਰੀ ਲੈ ਲਈ ਗਈ ਸੀ। ਇਸ ਕਾਰਨ ਆਮ ਆਵਾਜਾਈ ਦੇ ਰੂਟ ਬਦਲ ਦਿੱਤੇ ਗਏ, ਜਿਸ ਕਾਰਨ ਲੋਕਾਂ ਨੂੰ ਦਿੱਕਤ ਪੇਸ਼ ਨਹੀਂ ਆਈ।

ਗਾਇਕ ਵਾਰਸ ਭਰਾਵਾਂ ਨੇ ਵੀ ਰੈਲੀ ਵਿੱਚ ਸ਼ਮੂਲੀਅਤ ਕੀਤੀ ਤੇ ਸਥਾਨਕ ਮੀਡੀਆ ਨੂੰ ਰੈਲੀ ਦਾ ਉਦੇਸ਼ ਸਮਝਾਇਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਉੱਥੇ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ।

ਉਨ੍ਹਾਂ ਸਮੁੱਚੇ ਕਿਸਾਨ ਭਾਈਚਾਰੇ ਨੂੰ ਚੌਕਸ ਕੀਤਾ ਕਿ ਜੇ ਭਾਰਤ ਦੇ ਖੇਤੀ ਕਾਨੂੰਨਾਂ ਨੂੰ ਰੱਦ ਨਾ ਕਰਵਾਇਆ ਗਿਆ ਤਾਂ ਇਸ ਦਾ ਮਾਰੂ ਪਰਛਾਵਾਂ ਸਾਰੇ ਦੇਸ਼ਾਂ ਦੇ ਕਿਸਾਨਾਂ ’ਤੇ ਪਵੇਗਾ, ਜਿਸ ਲਈ ਆਲਮੀ ਪੱਧਰ ’ਤੇ ਵਸੇ ਸਾਰੇ ਕਿਸਾਨਾਂ ਨੂੰ ਇੱਕ ਹੋਣ ਦੀ ਲੋੜ ਹੈ। ਰੈਲੀ ਸਵੇਰੇ 11 ਵਜੇ ਸ਼ੁਰੂ ਹੋ ਕੇ ਨਿਸ਼ਚਿਤ ਰੂਟ ਤੋਂ ਹੁੰਦਿਆਂ ਸ਼ਾਮ ਚਾਰ ਵਜੇ ਸਮਾਪਤ ਹੋ ਗਈ। ਬਹੁਤ ਸਾਰੇ ਕੈਨੇਡੀਅਨ ਕਿਸਾਨਾਂ ਨੇ ਵੀ ਆਪਣੇ ਟਰੈਕਟਰ ਰੈਲੀ ਵਿੱਚ ਭੇਜੇ ਹੋਏ ਸਨ। ਕਈ ਘੰਟੇ ਫਿਜ਼ਾ ਵਿੱਚ ਕਿਸਾਨੀ ਦਰਦ ਤੇ ਭਵਿੱਖ ਦੇ ਨਾਅਰੇ ਗੂੰਜਦੇ ਰਹੇ।