ਨਵਾਂਸ਼ਹਿਰ/ਬਰੈਂਪਟਨ — ਕੈਨੇਡਾ ਦੇ ਸ਼ਹਿਰ ਬਰੈਂਪਟਨ ‘ਚ ਬੀਤੀ ਰਾਤ ਨਵਾਂਸ਼ਹਿਰ ਦੇ ਪਿੰਡ ਛੋਕਰਾਂ ਨਿਵਾਸੀ ਇਕ ਔਰਤ ਅਤੇ ਉਸ ਦੀ ਬੇਟੀ ਦੀ ਚਾਕੂ ਮਾਰ ਹੱਤਿਆ ਕਰ ਦਿੱਤੀ ਗਈ। ਹੱਤਿਆ ਦਾ ਸ਼ੱਕ ਉਨ੍ਹਾਂ ਦੇ ਜਵਾਈ ‘ਤੇ ਜਤਾਇਆ ਜਾ ਰਿਹਾ ਹੈ। ਦੋਵੇਂ ਮ੍ਰਿਤਕਾਂ ਦੀ ਪਛਾਣ ਪਿੰਡ ਛੋਕਰਾਂ ਦੇ ਸਰਪੰਚ ਕੁਲਦੀਪ ਸਿੰਘ ਦੀ ਪਤਨੀ ਅਤੇ ਉਸ ਦੀ ਬੇਟੀ ਵੱਜੋਂ ਕੀਤੀ ਗਈ ਹੈ। ਲੋਹੜੀ ਦੇ ਮੌਕੇ ‘ਤੇ ਪਿੰਡ ‘ਚ ਜਾਣਕਾਰੀ ਮਿਲਦੇ ਹੀ ਮਾਤਮ ਦਾ ਮਾਹੌਲ ਛਾ ਗਿਆ। ਮ੍ਰਿਤਕ ਔਰਤ ਦੇ ਪੁੱਤਰ ਹਰਵਿੰਦਰ ਸਿੰਘ ਅਤੇ ਰਾਜਿੰਦਰ ਸਿੰਘ ਨੇ ਦੱਸਿਆ ਕਿ ਸਾਲ 2007 ‘ਚ ਉਨ੍ਹਾਂ ਦੀ ਭੈਣ ਬਲਜੀਤ ਕੌਰ ਕੈਨੇਡਾ ਗਈ ਸੀ। ਕਰੀਬ 2 ਸਾਲ ਪਹਿਲਾਂ ਉਸ ਦਾ ਵਿਆਹ ਜਲੰਧਰ ਦੇ ਪਿੰਡ ਸਮਰਾਵਾਂ ਦੇ ਰਹਿਣ ਵਾਲੇ ਦਵਿੰਦਰ ਸਿੰਘ ਦੇ ਨਾਲ ਹੋਇਆ ਸੀ। ਉਨ੍ਹਾਂ ਦੇ 8 ਮਹੀਨਿਆਂ ਦਾ ਇਕ ਪੁੱਤਰ ਹੈ।
ਦੋਹਾਂ ਪੁੱਤਰਾਂ ਨੇ ਦੱਸਿਆ ਕਿ ਕਰੀਬ 2 ਸਾਲ ਪਹਿਲਾਂ ਉਨ੍ਹਾਂ ਦੇ ਪਿਤਾ ਸਰਪੰਚ ਕੁਲਦੀਪ ਸਿੰਘ ਅਤੇ ਉਨ੍ਹਾਂ ਦੀ ਮਾਤਾ ਅਵਤਾਰ ਕੌਰ (60) ਆਪਣੀ ਬੇਟੀ ਨੂੰ ਮਿਲਣ ਗਏ ਸਨ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਦੇਰ ਰਾਤ ਨੂੰ ਉਨ੍ਹਾਂ ਦੇ ਪਿਤਾ ਸਰਪੰਚ ਕੁਲਦੀਪ ਸਿੰਘ ਦਾ ਉਨ੍ਹਾਂ ਨੂੰ ਫੋਨ ਆਇਆ ਕਿ ਉਨ੍ਹਾਂ ਦੀ ਮਾਤਾ ਅਵਤਾਰ ਕੌਰ ਅਤੇ ਉਨ੍ਹਾਂ ਦੀ ਭੈਣ ਬਲਜੀਤ ਕੌਰ (32) ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਹੈ। ਹੱਤਿਆ ਦੇ ਕਾਰਨਾਂ ਅਜੇ ਕੋਈ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਦੇ ਪਿਤਾ (ਸਰਪੰਚ ਕੁਲਦੀਪ ਸਿੰਘ) ਨੇ ਦੱਸਿਆ ਕਿ ਪੁਲਸ ਹੱਤਿਆ ਦਾ ਸ਼ੱਕ ਉਨ੍ਹਾਂ ਦਾ ਜਵਾਈ ‘ਤੇ ਜਤਾ ਰਹੀ ਹੈ। ਫਿਲਹਾਲ ਪੁਲਸ ਨੇ ਮ੍ਰਿਤਕ ਸਰੀਰਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਹਾਂ ਪੁੱਤਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਕੈਨੇਡਾ ਤੋਂ ਫੋਨ ਕਰ ਦੱਸਿਆ ਕਿ ਘਟਨਾ ਰਾਤ 10-11 ਵਜੇ ਦੀ ਹੈ। ਉਸ ਸਮੇਂ ਉਹ ਕੰਮ ‘ਤੇ ਗਏ ਹੋਏ ਸਨ। ਜਿੱਥੇ ਪੁਲਸ ਨੇ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਜਦੋਂ ਉਹ ਉਨ੍ਹਾਂ ਦੇ ਪਿਤਾ ਆਪਣੇ ਘਰ ਪਹੁੰਚੇ ਤਾਂ ਖੂਨ ਨਾਲ ਲਥ-ਪੱਥ ਮਾਂ ਅਤੇ ਬੇਟੀ ਦਾ ਮ੍ਰਿਤਕ ਸਰੀਰ ਪਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਪੁਲਸ ਨੇ ਉਨ੍ਹਾਂ ਦੇ ਜਵਾਈ ਨੂੰ ਕਸਟੱਡੀ ‘ਚ ਲੈ ਲਿਆ ਹੈ।