ਪੰਜਾਬ ਤੋਂ ਹਰੇਕ ਸਾਲ ਬਹੁਤ ਵੱਡੀ ਗਿਣਤੀ ਵਿਚ ਨੌਜਵਾਨ ਵਿਦੇਸ਼ਾਂ ਨੂੰ ਜਾਂਦੇ ਹਨ। ਉਹ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਵਰਗੇ ਦੇਸ਼ਾਂ ‘ਚ ਸੁਨਹਿਰੀ ਭਵਿੱਖ ਦੀ ਆਸ ਲੈ ਆਪਣੇ ਸੁਪਨੇ ਪੂਰੇ ਕਰਨ ਲਈ ਜਾਂਦੇ ਹਨ ਪਰ ਕਈ ਵਾਰ ਉਨ੍ਹਾਂ ਨਾਲ ਅਜਿਹਾ ਭਾਣਾ ਵਾਪਰ ਜਾਂਦਾ ਹੈ ਕਿ ਜਿਸ ਦੀ ਕਲਪਨਾ ਵੀ ਉਨ੍ਹਾਂ ਨੇ ਨਹੀਂ ਕੀਤੀ ਹੁੰਦੀ।
ਅਜਿਹੀ ਹੀ ਘਟਨਾ ਮਾਨਸਾ ਦੇ ਇਕ ਨੌਜਵਾਨ ਨਾਲ ਵਾਪਰੀ ਹੈ, ਜਿਥੇ ਅਣਪਛਾਤੇ ਵਿਅਕਤੀਆਂ ਵੱਲੋਂ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ ਲਵਦੀਪ ਸਿੰਘ (27) ਵਜੋਂ ਹੋਈ ਹੈ। ਉਹ ਲਗਭਗ ਸਾਢੇ 7 ਸਾਲ ਪਹਿਲਾਂ ਰੋਜ਼ਗਾਰ ਲਈ ਕੈਨੇਡਾ ਗਿਆ ਸੀ। ਲਵਦੀਪ ਉਥੇ ਟਰੱਕ ਚਲਾਉਣ ਦਾ ਕੰਮ ਕਰਦਾ ਸੀ। ਘਟਨਾ 29 ਅਪ੍ਰੈਲ ਦੀ ਹੈ ਪਰ ਪਰਿਵਾਰ ਵਾਲਿਆਂ ਨੂੰ ਇਸ ਦਾ ਪਤਾ 2 ਮਈ ਨੂੰ ਲੱਗਾ।
ਪਰਿਵਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਲਵਦੀਪ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਸੀ ਪਰ ਉਸ ਦਾ ਕਤਲ ਕਿਉਂ ਕੀਤਾ ਗਿਆ, ਇਹ ਅਜੇ ਜਾਂਚ ਦਾ ਵਿਸ਼ਾ ਹੈ। ਲਵਦੀਪ ਮੰਢਾਲੀ ਪਿੰਡ ਦਾ ਰਹਿਣ ਵਾਲਾ ਸੀ। ਲਵਦੀਪ ਦੇ ਪਿਤਾ ਨੇ ਦੱਸਿਆ ਕਿ 29 ਮਈ ਨੂੰ ਉਹ ਸਰੀ ਤੋਂ ਟੋਰਾਂਟੋ ਵਲ ਜਾ ਰਿਹਾ ਸੀ ਕਿ ਰਸਤੇ ਵਿਚ ਉਸ ਦਾ ਟਰੱਕ ਖਰਾਬ ਹੋ ਗਿਆ ਤਾਂ ਉਹ ਕੁਝ ਦੋਸਤਾਂ ਕੋਲ ਰੁਕ ਗਿਆ ਤੇ ਕਿਸੇ ਕੁੜੀ ਨੇ ਇੰਸਟਾਗ੍ਰਾਮ ਉਤੇ ਮੈਸੇਜ ਕੀਤੇ ਤੇ ਉਸਨੂੰ ਆਪਣੇ ਕੋਲ ਬੁਲਾਇਆ ਤੇ ਇਸੇ ਦੌਰਾਨ ਉਸ ਦਾ ਅਣਪਛਾਤਿਆਂ ਵੱਲੋਂ ਕਤਲ ਕਰ ਦਿੱਤਾ ਜਾਂਦਾ ਹੈ। ਪਰਿਵਾਰ ਨੇ ਭਾਰਤ ਤੇ ਪੰਜਾਬ ਸਰਕਾਰ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ।














