ਕੈਨੇਡਾ ਦੇ ਸ਼ਹਿਰ ਬਰੈਂਪਟਨ ‘ਚ ਗੈਂਗਸਟਰਾਂ ਵੱਲੋਂ ਪਿੰਡ ਨੰਦਪੁਰ ਦੇ ਰਹਿਣ ਵਾਲੇ ਪ੍ਰਿਤਪਾਲ ਸਿੰਘ ਨਾਂ ਦੇ ਨੌਜਵਾਨ ਦੀ ਉਸ ਸਮੇਂ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਦੋਂ ਉਹ ਨੌਕਰੀ ‘ਤੇ ਜਾਣ ਲਈ ਆਪਣੀ ਕਾਰ ਸਟਾਰਟ ਕਰ ਰਿਹਾ ਸੀ। ਗੋਲੀਬਾਰੀ ‘ਚ ਪ੍ਰਿਤਪਾਲ ਸਿੰਘ ਦਾ ਵੱਡਾ ਭਰਾ ਖੁਸ਼ਵੰਤ ਸਿੰਘ ਜ਼ਖ਼ਮੀ ਹੋ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਪਿੰਡ ’ਚ ਸੋਗ ਦਾ ਮਾਹੌਲ ਬਣ ਗਿਆ।
ਜੰਮੂ-ਕਸ਼ਮੀਰ-ਰਾਜਸਥਾਨ ਕੌਮੀ ਮਾਰਗ ‘ਤੇ ਪੈਂਦੇ ਤਰਨਤਾਰਨ ਦੇ ਪਿੰਡ ਨੰਦਪੁਰ, ਕਸਬਾ ਨੌਸ਼ਹਿਰਾ ਪੰਨੂੰਆਂ ਦੇ ਵਾਸੀ ਕਿਸਾਨ ਸਰਬਜੀਤ ਸਿੰਘ ਦਾ ਵੱਡਾ ਪੁੱਤਰ ਖੁਸ਼ਵੰਤ ਸਿੰਘ ਚਾਰ ਸਾਲ ਪਹਿਲਾਂ ਕੈਨੇਡਾ (ਬਰੈਂਪਟਨ) ਗਿਆ ਸੀ। ਜਦਕਿ ਮਈ ਮਹੀਨੇ ਸਰਬਜੀਤ ਸਿੰਘ ਦਾ ਛੋਟਾ ਲੜਕਾ ਪ੍ਰਿਤਪਾਲ ਸਿੰਘ ਉਮਰ 27 ਵੀ ਸਟੱਡੀ ਬੇਸ ‘ਤੇ ਕੈਨੇਡਾ ਚਲਾ ਗਿਆ। ਦੋਵੇਂ ਭਰਾ ਖੁਸ਼ਵੰਤ ਸਿੰਘ ਤੇ ਪ੍ਰਿਤਪਾਲ ਸਿੰਘ ਮੂਲ ਰੂਪ ‘ਚ ਇਕ ਪੰਜਾਬੀ ਪਰਿਵਾਰ ਦੇ ਘਰ ਕਿਰਾਏ ‘ਤੇ ਰਹਿੰਦੇ ਸਨ।
ਕੁਝ ਦਿਨ ਪਹਿਲਾਂ ਇਸ ਪਰਿਵਾਰ ਤੋਂ ਕੈਨੇਡਾ ਨਾਲ ਸਬੰਧਤ ਗੈਂਗਸਟਰਾਂ ਨੇ ਫਿਰੌਤੀ ਦੀ ਮੰਗ ਕੀਤੀ ਸੀ। ਪਰਿਵਾਰ ਨੇ ਫਿਰੌਤੀ ਦਾ ਭੁਗਤਾਨ ਨਹੀਂ ਕੀਤਾ। ਉਹ ਕਿਰਾਏਦਾਰਾਂ ਨੂੰ ਦੱਸੇ ਬਿਨਾਂ ਘਰ ਛੱਡ ਕੇ ਕਿਤੇ ਚਲੇ ਗਏ। ਖੁਸ਼ਵੰਤ ਸਿੰਘ ਤੇ ਪ੍ਰਿਤਪਾਲ ਸਿੰਘ ਨੌਕਰੀ ’ਤੇ ਜਾਣ ਲਈ ਕਾਰ ਸਟਾਰਟ ਕਰਨ ਲੱਗੇ। ਕਾਰ ਤੋਂ ਬਰਫ ਹਟਾਉਂਦੇ ਹੋਏ ਦੂਜੇ ਕਾਰ ਸਵਾਰ ਸ਼ੂਟਰਾਂ ਨੇ ਹਥਿਆਰਾਂ ਨਾਲ ਫਾਇਰ ਕੀਤੇ। ਪ੍ਰਿਤਪਾਲ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਖੁਸ਼ਵੰਤ ਸਿੰਘ ਦੀ ਬਾਂਹ ‘ਤੇ ਗੋਲੀ ਲੱਗੀ।
ਘਟਨਾ ਦੀ ਸੂਚਨਾ ਮਿਲਦੇ ਹੀ ਪਰਿਵਾਰ ‘ਚ ਸੋਗ ਦੀ ਲਹਿਰ ਦੌੜ ਗਈ। ਪਿੰਡ ਨੰਦਪੁਰ ‘ਚ ਇਹ ਖ਼ਬਰ ਫੈਲਦਿਆਂ ਹੀ ਲੋਕ ਸਰਬਜੀਤ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਇਕੱਠੇ ਹੋ ਗਏ। ਸ਼ੁੱਕਰਵਾਰ ਸਵੇਰੇ 10 ਵਜੇ ਸਰਬਜੀਤ ਸਿੰਘ ਨੇ ਆਪਣੀ ਪਤਨੀ ਗੁਰਬਿੰਦਰ ਕੌਰ ਨੂੰ ਘਟਨਾ ਦੀ ਸੂਚਨਾ ਦਿੱਤੀ। ਪੁੱਤਰ ਦੀ ਮੌਤ ਦੀ ਖ਼ਬਰ ਸੁਣ ਕੇ ਗੁਰਬਿੰਦਰ ਕੌਰ ਬੇਹੋਸ਼ ਹੋ ਗਈ।