ਕੈਨੇਡਾ ਦੇ ਪਿਛਲੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ 2 ਸਾਲ ਪਹਿਲਾਂ ਨਿੱਜਰ ਕਤਲ ਕਾਂਡ ਦੀ ਜ਼ਿੰਮੇਵਾਰੀ ਭਾਰਤੀ ਏਜੰਸੀਆਂ ’ਤੇ ਥੋਪੇ ਜਾਣ ਕਾਰਨ ਦੋਹਾਂ ਦੇਸ਼ਾਂ ਵਿਚ ਆਪਸੀ ਝਗੜਾ ਪੈਦਾ ਹੋਣ ਕਰ ਕੇ ਹੁਣ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੇ ਨੇ ਪਿਛਲੇ 5 ਸਾਲਾਂ ਵਿਚ ਜਾਰੀ ਕੀਤੇ ਲੱਖਾਂ ਅੰਤਰਰਾਸ਼ਟਰੀ ਸਟੱਡੀ ਵੀਜ਼ਾ ਜਾਰੀ ਕਰਨ ਦੇ ਪ੍ਰੋਗਰਾਮ ਦੀ ਪੜਤਾਲ ਕਰਨ ਦੇ ਹੁਕਮ ਦਿਤੇ ਹਨ।
ਇਹ ਵੱਡੀ ਪੜਤਾਲ ਤੇ ਇਨਕੁਆਰੀ ਕਰਨ ਦੀ ਜ਼ਿੰਮੇਵਾਰੀ ਕੈਨੇਡਾ ਦੇ ਆਡੀਟਰ ਜਨਰਲ ਨੂੰ ਸੌਂਪੀ ਗਈ ਹੈ ਅਤੇ ਇਸ ਸਬੰਧੀ ਰੀਪੋਰਟ ਕੈਨੇਡਾ ਦੀ ਸੰਸਦ ਨੂੰ ਅਗਲੇ ਸਾਲ ਸੌਂਪੀ ਜਾਵੇਗੀ। ਟੋਰਾਂਟੋ ਤੋਂ ਸਰਕਾਰੀ ਸੂਤਰਾਂ ’ਤੇ ਆਧਾਰਤ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਕੈੈਨੇਡਾ ਵਲੋਂ ਚਲਾਇਆ ਜਾ ਰਿਹਾ ਇਹ ਅੰਤਰਰਾਸ਼ਟਰੀ ਸਟੱਡੀ ਵੀਜ਼ਾ ਪ੍ਰੋਗਰਾਮ ਜਸਟਿਨ ਟਰੂਡੋ ਅਤੇ ਪਿਛਲੀ ਸਰਕਾਰ ਕਈ ਤਰ੍ਹਾਂ ਦੇ ਸਵਾਲਾਂ ਦੇ ਘੇਰੇ ਵਿਚ ਆ ਗਈ ਸੀ ਜਿਸ ਵਿਚ ਧੋਖੇਬਾਜ਼ ਏਜੰਟਾਂ, ਯੂਨੀਵਰਸਿਟੀਆਂ, ਕਾਲਜਾਂ ਅਤੇ ਵੱਖ ਵੱਖ ਦੇਸ਼ਾਂ ਦੇ ਕਈ ਅਨਸਰ ਸ਼ਾਮਲ ਸਮਝੇ ਗਏ ਸਨ। ਦੋਸ਼ ਇਹ ਵੀ ਲੱਗੇ ਸਨ ਕਿ ਕੈਨੇਡਾ ਗਏ ਇਨ੍ਹਾਂ ਵਿਦਿਆਰਥੀਆਂ ਕੋਲ ਰਹਿਣ ਨੂੰ ਘਰ ਦਿਹਾਤੀ ’ਤੇ ਨੌਕਰੀ, ਖਾਣ ਨੂੰ ਰੋਟੀ ਅਤੇ ਪੈਸੇ ਧੇਲੇ ਦੀ ਕਾਫ਼ੀ ਤੰਗੀ ਆ ਗਈ ਸੀ। ਇਨ੍ਹਾਂ ਕੋਲ ਸਿਹਤ ਜਾਂ ਮੈਡੀਕਲ ਸਹੂਲਤਾਂ, ਟਰਾਂਸਪੋਰਟ ਅਤੇ ਨਿਜੀ ਖ਼ਰਚੇ ਤੋਂ ਸੱਖਣਾ ਰਹਿਣ ਦੇ ਹਾਲਾਤ ਕਾਰਨ ਗੁਰਦਵਾਰਿਆਂ ਵਿਚ ਡੇਰੇ ਲਾਉਣੇ ਪਏ ਸਨ।
ਦਸਣਾ ਬਣਦਾ ਹੈ ਕਿ ਸਟੱਡੀ ਵੀਜ਼ਾ ਪ੍ਰੋਗਰਾਮ ਫ਼ਿਲਹਾਲ 2027 ਤਕ ਚਲਣਾ ਹੈ ਜਿਸ ਤਹਿਤ ਕੈਨੇਡਾ ਤੋਂ ਮਿਲੇ ਅੰਕੜਿਆਂ ਮੁਤਾਬਕ ਇਨ੍ਹਾਂ ਵੀਜ਼ਿਆਂ ਦੇ 2025, 2026 ਤੇ 2027 ਤਕ ਜਾਰੀ ਕੀਤੇ ਜਾ ਰਹੇ ਅੰਕੜੇ ਕੈਨੇਡਾ ਦੀ ਕੁਲ ਆਬਾਦੀ ਦੇ 5 ਫ਼ੀ ਸਦੀ ਤੋਂ ਵੱਧ ਨਹੀਂ ਹੋਣੇ ਚਾਹੀਦੇ ਹਨ। ਇਨ੍ਹਾਂ ਵਿਚ ਵਿਦਿਆਰਥੀਆਂ, ਕੱਚੇ ਤੌਰ ’ਤੇ ਰਹਿ ਰਹੇ ਵਰਕਰ ਅਤੇ ਹੋਰ ਰਿਹਾਇਸ਼ੀ ਵੀ ਸ਼ਾਮਲ ਹਨ। ਕੈਨੇਡਾ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ 2025 ਤਕ ਜੋ 4,85,000 ਵੀਜ਼ਾ ਜਾਰੀ ਕਰਨੇ ਸਨ ਉਨ੍ਹਾਂ ਨੂੰ ਘਟਾ ਕੇ 4,37,000 ਕਰ ਦਿਤਾ ਹੈ ਅਤੇ ਇੰਨੇ ਹੀ ਸਟੱਡੀ ਵੀਜ਼ਾ 2026 ਵਿਚ ਜਾਰੀ ਹੋਣਗੇ। ਇਹ ਸਟੱਡੀ ਵੀਜ਼ਾ ਪ੍ਰਾਪਤ ਕਰਨ ਵਾਲਿਆਂ ਵਿਚ ਭਾਰਤੀ ਵਿਦਿਆਰਥੀ ਜ਼ਿਆਦਾ ਹੁੰਦੇ ਹਨ ਅਤੇ ਉਨ੍ਹਾਂ ਵਿਚ ਪੰਜਾਬੀ 60 ਤੋਂ 70 ਫ਼ੀ ਸਦੀ ਹੁੰਦੇ ਹਨ।
ਕੈਨੇਡਾ ਨੇ ਇਹ ਪ੍ਰੋਗਰਾਮ 2023 ਤੋਂ 5 ਸਾਲ ਲਈ ਜਾਰੀ ਕੀਤਾ ਹੋਇਆ ਹੈ ਅਤੇ ਕੈਨੇਡਾ ਦੀ ਲਿਬਰਲ ਪਾਰਟੀ ਸਰਕਾਰ ਇਸ ਪ੍ਰੋਗਰਾਮ ਦੀ ਡੂੰਘਾਈ ਵਿਚ ਪੜਤਾਲ ਕਰਾਉਣ ਉਪਰੰਤ 2027 ਤੋਂ ਬਾਅਦ ਹੀ ਕੋਈ ਬਦਲਾਅ ਕਰੇਗੀ। ਹੋਰ ਮਿਲੀ ਜਾਣਕਾਰੀ ਅਨੁਸਾਰ 2023 ਦੇ ਅੰਤ ਵਿਚ ਸ਼ੁਰੂ ਕੀਤੇ ਇਸ ਵੱਡੇ ਪ੍ਰੋਗਰਾਮ ਹੇਠ ਜਨਵਰੀ 2024 ਤਕ ਸਟੱਡੀ ਵੀਜ਼ਾ ਅਪਲਾਈ ਕਰਨ ਵਾਲੇ ਵਿਦਿਆਰਥੀ ਲਈ ਅਪਣੇ ਖ਼ਰਚੇ ਵਾਸਤੇ ਬੈਂਕ ਵਿਚ ਜਮ੍ਹਾਂ ਕਰਾਏ ਪੂੰਜੀ 6,35,000 ਰੁਪਏ ਤੋਂ ਵਧਾ ਕੇ 13 ਲੱਖ ਰੁਪਏ ਯਾਨੀ 20,635 ਕੈਨੇਡੀਅਨ ਡਾਲਰ ਕਰ ਦਿਤੇ ਸਨ।
ਇਕ ਹੋਰ ਮਿਲੇ ਅੰਕੜੇ ਅਨੁਸਾਰ ਮੌਜੂਦਾ 2025 ਸਾਲ ਦੇ ਪਹਿਲੇ 3 ਮਹੀਨਿਆਂ ਵਿਚ ਕੈਨੇਡਾ ਵਲੋਂ ਜਾਰੀ ਕੀਤੇ ਭਾਰਤੀ ਵਿਦਿਆਰਥੀਆਂ ਲਈ ਵੀਜ਼ੇ ਕੇਵਲ 30,640 ਰਹਿ ਗਏ ਜਦੋਂ ਕਿ ਇਹ ਗਿਣਤੀ ਪਿਛਲੇ ਸਾਲ 44295 ਸੀ। ਕੈਨੇਡਾ ਨੇ 2023 ਵਿਚ ਕੁਲ 6,81,155 ਵੀਜ਼ੇ ਜਾਰੀ ਕੀਤੇ ਜਿਨ੍ਹਾਂ ਵਿਚ 2,78,045 ਭਾਰਤੀ ਸਨ ਜਦੋਂ ਕਿ 2024 ਵਿਚ ਕੁਲ 5,16,275 ਜਾਰੀ ਕੀਤੇ ਵੀਜ਼ਿਆਂ ਵਿਚੋਂ ਭਾਰਤੀ ਕੇਵਲ 1,88,465 ਸਨ। ਪੰਜਾਬੀ ਵਿਦਿਆਰਥੀ ਹੁਣ ਆਸਟ੍ਰੋੇਲੀਆ, ਨਿਊਜ਼ੀਲੈਂਡ ਅਤੇ ਹੋਰ ਦੇਸ਼ਾਂ ਵਲ ਮੁੜ ਗਏ ਹਨ।