ਗੁਰਦਾਸਪੁਰ, 21 ਜੁਲਾਈ
ਕੈਨੇਡਾ ਵਿੱਚ 23 ਦਿਨ ਪਹਿਲਾਂ ਪੜ੍ਹਾਈ ਕਰਨ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਇੱਥੋਂ ਦੇ ਮੁਹੱਲਾ ਇਸਲਾਮਾਬਾਦ ਦੇ ਨੌਜਵਾਨ ਰਜਤ ਮਹਿਰਾ (28) ਦੇ ਪਿਤਾ ਅਸ਼ਵਨੀ ਮਹਿਰਾ ਅਤੇ ਭਰਾ ਅਤੁਲ ਮਹਿਰਾ ਨੇ ਦੱਸਿਆ ਕਿ ਰਜਤ 23 ਦਿਨ ਪਹਿਲਾਂ ਹੀ ਐੱਮਬੀਏ ਦੀ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ। ਅੱਜ ਉਨ੍ਹਾਂ ਨੂੰ ਫ਼ੋਨ ’ਤੇ ਸੂਚਨਾ ਮਿਲੀ ਕਿ ਰਜਤ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਰਜਤ ਦੀ ਮ੍ਰਿਤਕ ਦੇਹ ਨੂੰ ਭਾਰਤ ਆਉਣ ਵਿੱਚ 3 ਤੋਂ 4 ਦਿਨਾਂ ਦਾ ਸਮਾਂ ਲੱਗ ਸਕਦਾ ਹੈ। ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਤੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਉਨ੍ਹਾਂ ਦੇ ਘਰ ਪਹੁੰਚੇ ਤੇ ਭਰੋਸਾ ਦਿਵਾਇਆ ਕਿ ਦੇਹ ਭਾਰਤ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।