ਕੈਨੇਡਾ ਸਰਕਾਰ ਨੇ ਵੱਡਾ ਝਟਕਾ ਦਿੰਦੇ ਹੋਏ ਐਲਾਨ ਕੀਤਾ ਹੈ ਕਿ 2025 ਤੋਂ ਐਕਸਪ੍ਰੈਸ ਐਂਟਰੀ ਤਹਿਤ ਸਥਾਈ ਨਿਵਾਸ (ਪੀਆਰ) ਲਈ ਅਪਲਾਈ ਕਰਨ ਵਾਲਿਆਂ ਨੂੰ ਨੌਕਰੀ ਦੇ ਆਫਰ ‘ਤੇ ਮਿਲਣ ਵਾਲੇ ਵਾਧੂ 50 ਅੰਕਾਂ ਤੋਂ ਲੈ ਕੇ 200 ਅੰਕ ਦਾ ਫਾਇਦਾ ਨਹੀਂ ਮਿਲੇਗਾ। ਇਹ ਬਦਲਾਅ ਸਿਸਟਮ ਵਿਚ ਹੋ ਰਹੀ ਧੋਖਾਦੇਹੀ ਨੂੰ ਰੋਕਣ ਲਈ ਕੀਤਾ ਗਿਆ ਹੈ।

ਇਸ ਦਾ ਵੱਡਾ ਝਟਕਾ ਪੰਜਾਬੀ ਮੂਲ ਦੇ ਨੌਜਵਾਨਾਂ ਨੂੰ ਲੱਗਣ ਜਾ ਰਿਹਾ ਹੈ ਜਿਨ੍ਹਾਂ ਨੇ ਜੌਬ ਆਫਰ ਲਗਾ ਕੇ ਪੀਆਰ ਲਈ ਅਪਲਾਈ ਕੀਤਾ ਹੋਇਆ ਹੈ। ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ ਕਿਹਾ ਕਿ ਇਹ ਕਦਮ ਉਨ੍ਹਾਂ ਉਮੀਦਵਾਰਾਂ ‘ਤੇ ਲਾਗੂ ਹੋਵੇਗਾਜੋ ਐਕਸਪ੍ਰੈਸ ਐਂਟਰੀ ਜ਼ਰੀਏ ਪੀਆਰ ਪਾਉਣ ਦੀ ਯੋਜਨਾ ਬਣਾ ਰਹੇ ਹਨ।

ਮਾਹਿਰਾਂ ਨੇ ਇਸ ਕਦਮ ਨੂੰ ਧੋਖਾਦੇਹੀ ਵਿਚ ਕਾਰਗਰ ਦੱਸਿਆ ਨਾਲ ਹੀ ਕਿਹਾ ਕਿ ਇਸ ਨਾਲ ਕੁਸ਼ਲਤਾ ਵਾਲੇ ਬਿਨੈਕਾਰਾਂ ਨੂੰ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਸਰਕਾਰ ਨੂੰ ਬੇਹਤਰ ਸਕਰੀਨਿੰਗ ਪ੍ਰਕਿਰਿਆ ਅਪਨਾਉਣੀ ਚਾਹੀਦੀ ਹੈ ਨਾ ਕਿ ਸਿੱਧਾ ਜੌਬ ਆਫਰ ਵਾਲਿਆਂ ਦੇ ਨੰਬਰ ਖਤਮ ਕਰਨੇ ਚਾਹੀਦੇ ਹਨ। ਮੌਜੂਦਾ ਸਮੇਂ 1 ਲੱਖ 35 ਹਜ਼ਾਰ ਦੇ ਲਗਭਗ ਪੀਆਰ ਦੀਆਂ ਅਰਜ਼ੀਆਂ ਹਨ ਜਿਨ੍ਹਾਂ ਵਿਚ ਜੌਬ ਆਫਰ ਲੱਗੀ ਹੋਈ ਹੈ।

ਮੌਜੂਦਾ ਸਮੇਂ ਨੌਕਰੀ ਦੀ ਪੇਸ਼ਕਸ਼ ਵਾਲੇ ਐਕਸਪ੍ਰੈਸ ਐਂਟਰੀ ਉਮੀਦਵਾਰ ਵਾਧੂ 50 ਜਾਂ 200 ਵਿਆਪਕ ਰੈਂਕਿੰਗ ਸਿਸਟਮ (ਸੀਆਰਐੱਸ) ਅੰਕ ਪ੍ਰਾਪਤ ਕਰ ਸਕਦੇ ਹਨ। ਇਹ ਵਾਧੂ ਅੰਕ ਕਿਸੇ ਉਮੀਦਵਾਰ ਨੂੰ ਸਥਾਈ ਨਿਵਾਸ ਲਈ ਅਪਲਾਈ ਕਰਨ ਦਾ ਸੱਦਾ ਪ੍ਰਾਪਤ ਕਰਨ ਜਾਂ ਬਿਲਕੁਲ ਵੀ ਸੱਦਾ ਨਾ ਕੀਤੇ ਜਾਣ ਦੇ ਵਿਚ ਆਸਾਨੀ ਨਾਲ ਫਰਕ ਕਰ ਸਕਦੇ ਹਨ। ਇਮੀਗ੍ਰੇਸ਼ਨ ਵਿਭਾਗ ਨੇ ਅੱਗੇ ਸਪੱਸ਼ਟ ਕੀਤਾ ਕਿ ਵੈਧ ਨੌਕਰੀ ਦੀ ਪੇਸ਼ਕਸ਼ ਲਈ ਵਾਧੂ ਪੁਆਇੰਟਾਂ ਨੂੰ ਹਟਾਉਣਾ ਇੱਕ ਅਸਥਾਈ ਉਪਾਅ ਹੈ, ਪਰ ਇਸ ਸਮੇਂ ਇਹ ਨਹੀਂ ਦੱਸਿਆ ਗਿਆ ਹੈ ਕਿ ਇਹ ਕਦੋਂ ਖਤਮ ਹੋਵੇਗਾ।